IMG-LOGO
ਹੋਮ ਪੰਜਾਬ: ਕਾਇਰ ਮੋਦੀ ਦੇਸ਼ ਲਈ ਗੰਭੀਰ ਤੌਰ ‘ਤੇ ਖਤਰਨਾਕ ਹਨ: ਭੂਪੇਸ਼...

ਕਾਇਰ ਮੋਦੀ ਦੇਸ਼ ਲਈ ਗੰਭੀਰ ਤੌਰ ‘ਤੇ ਖਤਰਨਾਕ ਹਨ: ਭੂਪੇਸ਼ ਬਘੇਲ

Admin User - Feb 05, 2026 06:25 PM
IMG

ਭੋਆ (ਪਠਾਨਕੋਟ), 5 ਫ਼ਰਵਰੀ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਲਈ ਏਆਈਸੀਸੀ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਲਈ ਗੰਭੀਰ ਤੌਰ ‘ਤੇ ਖਤਰਨਾਕ ਸਾਬਤ ਹੋ ਰਹੇ ਹਨ, ਜਿਹੜੇ ਉਹ ਦੇਸ਼ ਦੇ ਸਭ ਤੋਂ ਕਮਜ਼ੋਰ ਅਤੇ ਕਾਇਰ ਪ੍ਰਧਾਨ ਮੰਤਰੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਜਿੰਨੀ ਜਲਦੀ ਕੁਰਸੀ ਤੋਂ ਹੱਟਣਗੇ, ਦੇਸ਼ ਲਈ ਉਨਾ ਹੀ ਚੰਗਾ ਹੋਵੇਗਾ।

ਇੱਥੇ ‘ਮਨਰੇਗਾ ਬਚਾਓ ਸੰਘਰਸ਼’ ਦੇ ਤਹਿਤ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ, ਬਘੇਲ ਨੇ ਕਿਹਾ ਕਿ ਮੋਦੀ ਅਮਰੀਕਾ ਅਤੇ ਚੀਨ ਵੱਲੋਂ ਆਸਾਨੀ ਨਾਲ ਦਬਾਅ ਹੇਠ ਆ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਦੇਸ਼ਾਂ ਨੇ ਮੋਦੀ ਦੀਆਂ ਕੁਝ ਕਮਜ਼ੋਰੀਆਂ ਲੱਭ ਲਈਆਂ ਹਨ, ਜਿਨ੍ਹਾਂ ਦਾ ਉਹ ਹੁਣ ਫਾਇਦਾ ਚੁੱਕ ਰਹੇ ਹਨ।

ਇਸ ਲੜੀ ਹੇਠ, ਮੋਦੀ ਨੂੰ ਇੱਕ ਕਾਇਰ ਪ੍ਰਧਾਨ ਮੰਤਰੀ ਦੱਸਦਿਆਂ, ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ‘ਤੇ ਆਪਣੀਆਂ ਸ਼ਰਤਾਂ ਲਾਗੂ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ ਦੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਜ਼ਿਕਰ ਕਰਦਿਆਂ, ਕਿਹਾ ਕਿ ਇਹ ਬਿਲਕੁਲ ਵੀ ਬਰਾਬਰੀ ਦੇ ਅਧਾਰ ‘ਤੇ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਅਮਰੀਕਾ ਭਾਰਤੀ ਸਮਾਨ ‘ਤੇ 18 ਫ਼ੀਸਦੀ ਸ਼ੁਲਕ ਲਗਾਏਗਾ, ਉੱਥੇ ਹੀ ਭਾਰਤ ਨੇ ਅਮਰੀਕੀ ਆਯਾਤ ‘ਤੇ ‘ਜ਼ੀਰੋ ਟੈਰਿਫ਼’ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਕਦੇ ਨਹੀਂ ਹੋਇਆ ਹੈ ਕਿ ਕਿਸੇ ਦੇਸ਼ ਨੇ ਅਮਰੀਕਾ ਨੂੰ ‘ਜ਼ੀਰੋ ਟੈਰਿਫ਼’ ਦੀ ਸਹੂਲਤ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਰਗਾ ਦੇਸ਼ ਵੀ ਅਮਰੀਕਾ ‘ਤੇ 11 ਫ਼ੀਸਦੀ ਸ਼ੁਲਕ ਲਗਾਉਂਦਾ ਹੈ, ਜਦਕਿ ਮੋਦੀ ਨੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਹੈ।

ਮਨਰੇਗਾ ਵਿੱਚ ਕੀਤੀਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਭਰੋਸਾ ਜਤਾਇਆ ਕਿ ਜਿਵੇਂ ਮੋਦੀ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਮਨਰੇਗਾ ਨੂੰ ਵੀ ਇਸਦੇ ਅਸਲ ਰੂਪ ਵਿੱਚ ਮੁੜ ਬਹਾਲ ਕਰਨਾ ਪਵੇਗਾ।


ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੋਦੀ ਸ਼ੁਰੂ ਤੋਂ ਹੀ ਮਨਰੇਗਾ ਦੇ ਵਿਰੋਧੀ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹੋਲੀ-ਹੋਲੀ ਇਸ ਕਾਨੂੰਨ ਨੂੰ ਕਮਜ਼ੋਰ ਕੀਤਾ ਹੈ, ਜਿਹੜਾ ਪਿੰਡਾਂ ਦੇ ਗਰੀਬ ਲੋਕਾਂ ਨੂੰ ਸਾਲ ਵਿੱਚ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਹੈ।


ਉਨ੍ਹਾਂ ਨੇ ਸਰਕਾਰ ਦੇ ਇਸ ਦਾਅਵੇ ‘ਤੇ ਟਿੱਪਣੀ ਕਰਦਿਆਂ ਕਿ ਹੁਣ 125 ਦਿਨਾਂ ਦਾ ਰੋਜ਼ਗਾਰ ਦਿੱਤਾ ਜਾਵੇਗਾ, ਕਿਹਾ ਕਿ ਜਦੋਂ ਇਹ 100 ਦਿਨਾਂ ਦਾ ਰੋਜ਼ਗਾਰ ਹੀ ਨਹੀਂ ਦੇ ਸਕੇ, ਤਾਂ 125 ਦਿਨ ਕਿਵੇਂ ਦੇਣਗੇ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੌਰਾਨ ਔਸਤਨ ਸਾਲ ਵਿੱਚ ਸਿਰਫ਼ 48 ਦਿਨਾਂ ਦਾ ਰੋਜ਼ਗਾਰ ਹੀ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿੱਚ 1.21 ਲੱਖ ਪਰਿਵਾਰਾਂ ਨੇ ਕੰਮ ਲਈ ਰਜਿਸਟ੍ਰੇਸ਼ਨ ਕਰਵਾਈ, ਪਰ ਕੇਵਲ 12 ਪਰਿਵਾਰਾਂ ਨੂੰ ਹੀ 100 ਦਿਨਾਂ ਦਾ ਕੰਮ ਮਿਲਿਆ।


ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਆਲੋਚਨਾ ਕਰਦਿਆਂ, ਕਿਹਾ ਕਿ ਇਸਨੇ ਵੀ ਮਨਰੇਗਾ ਮਜ਼ਦੂਰਾਂ ਨੂੰ ਨਿਰਾਸ਼ ਕੀਤਾ ਹੈ, ਕਿਉਂਕਿ ਨਵੇਂ ਕਾਨੂੰਨ ਤੋਂ ਪਹਿਲਾਂ ਹੀ ਕੰਮ ਮੁਹੱਈਆ ਕਰਵਾਉਣਾ ਘਟਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਨਰੇਗਾ ਮੁੜ ਬਹਾਲ ਨਾ ਹੋਣ ਤੱਕ ਕਾਂਗਰਸ ਲੜਾਈ ਜਾਰੀ ਰੱਖੇਗੀ।


ਇਸੇ ਤਰ੍ਹਾਂ, ਲੋਕਾਂ ਨੂੰ ਇਕਜੁੱਟਤਾ ਅਤੇ ਭਾਈਚਾਰੇ ਦੀ ਅਪੀਲ ਕਰਦਿਆਂ, ਉਨ੍ਹਾਂ ਭਾਜਪਾ ਦੀਆਂ ਵੰਡਣ ਵਾਲੀਆਂ ਨੀਤੀਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਡੇਰਾ ਬੱਲਾਂ ਫੇਰੀ ਦਾ ਜ਼ਿਕਰ ਕਰਦਿਆਂ, ਕਿਹਾ ਕਿ ਭਾਜਪਾ ਧਰਮ ਅਤੇ ਜਾਤ ਦੇ ਨਾਮ ‘ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।


ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਨਰੇਗਾ ਕੋਈ ਦਾਨ ਯੋਜਨਾ ਨਹੀਂ, ਸਗੋਂ ਪਿੰਡਾਂ ਲਈ ਜੀਵਨ ਰੇਖਾ ਅਤੇ ਗਰੀਬਾਂ ਦਾ ਕਾਨੂੰਨੀ ਹੱਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਾਂਗਰਸ ਵੱਲੋਂ ਗਰੀਬਾਂ ਅਤੇ ਆਮ ਲੋਕਾਂ ਨੂੰ ਦਿੱਤੇ ਹਰ ਹੱਕ ਨੂੰ ਖਤਮ ਕਰ ਦਿੱਤਾ ਹੈ।


ਉਨ੍ਹਾਂ ਨੇ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ, ਕਿਹਾ ਕਿ ਆਪ ਨੇ ਸ਼ਾਸਨ ਨੂੰ ਕੇਵਲ ਪ੍ਰਚਾਰ ਦਾ ਸਾਧਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਾਗਜ਼ਾਂ ‘ਤੇ ਵੱਡੇ ਵਾਅਦੇ, ਲੇਕਿਨ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦੀ ਕਮਜ਼ੋਰੀ ਅਤੇ ਜ਼ੀਰੋ ਜਵਾਬਦੇਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ  ਪਿੰਡਾਂ ਦੇ ਮਜ਼ਦੂਰ ਰੋਜ਼ਗਾਰ ਅਤੇ ਸਮੇਂ ‘ਤੇ ਭੁਗਤਾਨ ਲਈ ਸੰਘਰਸ਼ ਕਰ ਰਹੇ ਹਨ, ਉਂਥੇ ਹੀ ਸਰਕਾਰ ਇਸ਼ਤਿਹਾਰਾਂ ਅਤੇ ਦਿਖਾਵੇ ਵਿੱਚ ਵਿਅਸਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕੰਮ, ਇੱਜ਼ਤ ਅਤੇ ਪਾਰਦਰਸ਼ਤਾ ਦੀ ਲੋੜ ਹੈ, ਨਾ ਕਿ ਖੋਖਲੇ ਨਾਅਰੇ ਚਾਹੀਦੇ ਹਨ।


ਇਸ ਦੌਰਾਨ ਸਾਰੇ ਬੁਲਾਰਿਆਂ ਨੇ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਘੱਟ ਸਮੇਂ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।


ਜਿੱਥੇ ਏਆਈਸੀਸੀ ਜਨਰਲ ਸਕੱਤਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ।


ਜਿੱਥੇ ਹੋਰਨਾਂ ਤੋਂ ਇਲਾਵਾ, ਮੈਡਮ ਅਰੁਣਾ ਚੌਧਰੀ, ਜੋਗਿੰਦਰ ਪਾਲ, ਅਮਿਤ ਵਿਜ, ਬਰਿੰਦਰਮੀਤ ਸਿੰਘ ਪਾਹੜਾ ਸਣੇ ਹੋਰ ਆਗੂ ਵੀ ਮੌਜੂਦ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.