ਤਾਜਾ ਖਬਰਾਂ
ਅੱਜ ਦਿੱਲੀ ਵਿੱਚ ਸੰਸਦ ਭਵਨ ਦੇ ਮਕਰ ਦੁਆਰ 'ਤੇ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਤਿੱਖੀ ਬਹਿਸ ਹੋਈ। ਵਿਰੋਧੀ ਪਾਰਟੀਆਂ ਵੱਲੋਂ ਮਕਰ ਦੁਆਰ 'ਤੇ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਦੋਵੇਂ ਆਗੂ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਰਾਹੁਲ ਗਾਂਧੀ ਨੇ ਬਿੱਟੂ ਨੂੰ ‘ਗੱਦਾਰ ਦੋਸਤ’ ਕਿਹਾ, ਜਿਸ ਦੇ ਜਵਾਬ ਵਿੱਚ ਰਵਨੀਤ ਬਿੱਟੂ ਨੇ ਰਾਹੁਲ ਨੂੰ ‘ਦੇਸ਼ ਦਾ ਦੁਸ਼ਮਣ’ ਕਰਾਰ ਦੇ ਦਿੱਤਾ।
ਹੱਥ ਮਿਲਾਉਣ ਦੀ ਕੋਸ਼ਿਸ਼ ਤੋਂ ਸ਼ੁਰੂ ਹੋਇਆ ਵਿਵਾਦ
ਜਾਣਕਾਰੀ ਅਨੁਸਾਰ, ਕਾਂਗਰਸ ਸਾਂਸਦ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਜਦੋਂ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦਾ ਸਾਹਮਣਾ ਹੋਇਆ, ਤਾਂ ਰਾਹੁਲ ਨੇ ਹੱਥ ਮਿਲਾਉਣ ਲਈ ਬਿੱਟੂ ਵੱਲ ਹੱਥ ਵਧਾਇਆ। ਹਾਲਾਂਕਿ, ਬਿੱਟੂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਰਾਹੁਲ ਗਾਂਧੀ ਨੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ 'ਮੇਰਾ ਗੱਦਾਰ ਦੋਸਤ' ਕਿਹਾ। ਬਿੱਟੂ ਨੇ ਵੀ ਤੁਰੰਤ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣਾਂ’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਵੱਲ ਉਂਗਲ ਕਰਕੇ ਤਿੱਖੀ ਬਿਆਨਬਾਜ਼ੀ ਕੀਤੀ।
ਪੁਰਾਣੀ ਹੈ ਸਿਆਸੀ ਦੁਸ਼ਮਣੀ
ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਵਿਚਾਲੇ ਇਹ ਕੋਈ ਪਹਿਲਾ ਟਕਰਾਅ ਨਹੀਂ ਹੈ। ਇਸ ਤੋਂ ਪਹਿਲਾਂ ਸਤੰਬਰ 2024 ਵਿੱਚ ਵੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ 'ਤੇ ਬੇਹੱਦ ਵਿਵਾਦਿਤ ਟਿੱਪਣੀ ਕੀਤੀ ਸੀ। ਉਦੋਂ ਬਿੱਟੂ ਨੇ ਰਾਹੁਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਇੱਕ ਅੱਤਵਾਦੀ’ ਕਿਹਾ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਰਾਹੁਲ ਸਿੱਖ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਬਿੱਟੂ ਨੇ ਕਿਹਾ ਸੀ ਕਿ ਰਾਹੁਲ ਦੇਸ਼ ਵਿੱਚ ਅੱਗ ਲਗਾਉਣ ਲਈ ਚੰਗਿਆੜੀ ਸੁਲਗਾਉਣ ਦਾ ਕੰਮ ਕਰਦੇ ਹਨ।
Get all latest content delivered to your email a few times a month.