IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਪਾਕਿਸਤਾਨ 'ਚ World Bank ਪ੍ਰਧਾਨ ਅਜੈ ਬੰਗਾ: ਗੁਰਦੁਆਰਾ ਪੰਜਾ ਸਾਹਿਬ...

ਪਾਕਿਸਤਾਨ 'ਚ World Bank ਪ੍ਰਧਾਨ ਅਜੈ ਬੰਗਾ: ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ, ਆਰਥਿਕ ਸੁਧਾਰਾਂ ਲਈ ਸਪੱਸ਼ਟ ਸ਼ਰਤਾਂ

Admin User - Feb 03, 2026 08:42 PM
IMG

ਵਰਲਡ ਬੈਂਕ ਦੇ ਪ੍ਰਧਾਨ ਅਜੈ ਬੰਗਾ ਇਸ ਸਮੇਂ ਪਾਕਿਸਤਾਨ ਦੇ ਸਰਕਾਰੀ ਦੌਰੇ ‘ਤੇ ਹਨ। ਦੌਰੇ ਦੌਰਾਨ ਉਹਨਾਂ ਨੇ ਇੱਕ ਪਾਸੇ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਸਥਾਨਾਂ ਦੀ ਯਾਤਰਾ ਕੀਤੀ, ਜਦਕਿ ਦੂਜੇ ਪਾਸੇ ਪਾਕਿਸਤਾਨ ਦੀ ਨਾਜ਼ੁਕ ਆਰਥਿਕ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਸਪਸ਼ਟ ਅਤੇ ਸਖ਼ਤ ਸੰਦੇਸ਼ ਵੀ ਦਿੱਤਾ।

ਅਜੈ ਬੰਗਾ ਆਪਣੀ ਪਤਨੀ ਰੀਤੂ ਬੰਗਾ ਅਤੇ ਉੱਚ ਅਧਿਕਾਰੀਆਂ ਦੇ ਨਾਲ ਹਸਨ ਅਬਦਾਲ ਸਥਿਤ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ ਹੋਏ। ਉੱਥੇ ਉਹਨਾਂ ਨੇ ਅਰਦਾਸ ਕੀਤੀ ਅਤੇ ਸੰਗਤ ਦੇ ਨਾਲ ਲੰਗਰ ਛਕਿਆ। ਇਸ ਮੌਕੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਅਤੇ ਪਾਕਿਸਤਾਨ ਦੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਵੀ ਹਾਜ਼ਰ ਰਹੇ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ ਗਿਆ।

ਬਾਅਦ ਵਿੱਚ ਬੰਗਾ ਖੈਬਰ ਪਖਤੂਨਖਵਾ ਦੇ ਖਾਨਪੁਰ ਇਲਾਕੇ ਵਿੱਚ ਸਥਿਤ ਜੌਲੀਅਨ ਬੁੱਧ ਪੁਰਾਤੱਤਵ ਸਥਲ ‘ਤੇ ਪਹੁੰਚੇ। ਇੱਥੇ ਖੇਤਰ ਦੇ ਉੱਚ ਅਧਿਕਾਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਬੁੱਧ ਵਿਰਾਸਤ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਅਜੈ ਬੰਗਾ ਨੇ ਪੁਰਾਤੱਤਵ ਵਿਰਾਸਤ ਦੀ ਸੰਭਾਲ ਦੀ ਪ੍ਰਸ਼ੰਸਾ ਕਰਦਿਆਂ ਵਰਲਡ ਬੈਂਕ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਦੌਰੇ ਦਾ ਸਭ ਤੋਂ ਅਹਿਮ ਪੱਖ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨਾਲ ਹੋਈ ਮੁਲਾਕਾਤ ਰਹੀ, ਜਿੱਥੇ ਬੰਗਾ ਨੇ ਪਾਕਿਸਤਾਨ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਹੁਣ ਸਿਰਫ਼ ਕਰਜ਼ਿਆਂ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਉਹਨਾਂ ਦੱਸਿਆ ਕਿ ਵਰਲਡ ਬੈਂਕ ਵੱਲੋਂ ਫੰਡ ਉਸੇ ਸੂਰਤ ਵਿੱਚ ਮਿਲਣਗੇ ਜਦੋਂ ਜ਼ਮੀਨੀ ਪੱਧਰ ‘ਤੇ ਠੋਸ ਨਤੀਜੇ ਨਜ਼ਰ ਆਉਣਗੇ।

ਬੰਗਾ ਨੇ ਅਗਲੇ 10 ਸਾਲਾਂ ਲਈ ‘ਕੰਟਰੀ ਪਾਰਟਨਰਸ਼ਿਪ ਫਰੇਮਵਰਕ’ ਤਹਿਤ 20 ਅਰਬ ਡਾਲਰ ਦੀ ਮਦਦ ਦੀ ਯੋਜਨਾ ਦਾ ਜ਼ਿਕਰ ਕੀਤਾ, ਜੋ ਵਿਕਾਸ ਪ੍ਰੋਜੈਕਟਾਂ ਲਈ ਹੋਵੇਗੀ। ਨਾਲ ਹੀ ਉਹਨਾਂ ਨੇ ਟੈਕਸ ਪ੍ਰਣਾਲੀ ਨੂੰ ਡਿਜੀਟਲ ਕਰਨ, ਟੈਕਸ ਚੋਰੀ ਰੋਕਣ, ਬਿਜਲੀ ਚੋਰੀ ‘ਤੇ ਸਖ਼ਤੀ ਅਤੇ ਊਰਜਾ ਖੇਤਰ ਵਿੱਚ ਬੇਲੋੜੀਆਂ ਸਬਸਿਡੀਆਂ ਖ਼ਤਮ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।

ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਾ ਹੋਣ ਦੀ ਸੂਰਤ ਵਿੱਚ ਭਵਿੱਖ ਵਿੱਚ ਆਰਥਿਕ ਮਦਦ ਮੁਸ਼ਕਲ ਹੋ ਸਕਦੀ ਹੈ। ਬੰਗਾ ਨੇ ਕਿਹਾ ਕਿ “ਵਰਲਡ ਬੈਂਕ ਪਾਕਿਸਤਾਨ ਦਾ ਭਾਗੀਦਾਰ ਹੈ, ਕੋਈ ਦਇਆਲੂ ਸ਼ਾਹੂਕਾਰ ਨਹੀਂ।”

ਇਸ ਦੌਰਾਨ ਪਾਕਿਸਤਾਨੀ ਮੀਡੀਆ ਨੇ ਇਸ ਦੌਰੇ ਨੂੰ ਵੱਖ-ਵੱਖ ਨਜ਼ਰੀਆਂ ਨਾਲ ਦੇਖਿਆ। ਡੌਨ ਅਖ਼ਬਾਰ ਨੇ ਬੰਗਾ ਨੂੰ ਸਖ਼ਤ ਸ਼ਰਤਾਂ ਵਾਲਾ ਮਦਦਗਾਰ ਦੱਸਿਆ, ਜਦਕਿ ਹਮ ਨਿਊਜ਼ ਨੇ ਇਸਨੂੰ ਪਾਕਿਸਤਾਨ ਦੀ ਅੰਤਰਰਾਸ਼ਟਰੀ ਛਵੀ ਲਈ ਮਹੱਤਵਪੂਰਨ ਕਿਹਾ। ਦ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ, ਸਿੰਧ ਜਲ ਸੰਧੀ ਬਾਰੇ ਬੰਗਾ ਦੇ ਰੁਖ ਨੇ ਪਾਕਿਸਤਾਨੀ ਉਮੀਦਾਂ ਨੂੰ ਝਟਕਾ ਦਿੱਤਾ ਹੈ।

ਦੌਰੇ ਦੇ ਅੰਤ ਵਿੱਚ ਅਜੈ ਬੰਗਾ ਆਪਣੇ ਮਾਤਾ-ਪਿਤਾ ਦੇ ਜੱਦੀ ਪਿੰਡ, ਜ਼ਿਲ੍ਹਾ ਖੁਸ਼ਾਬ ਜਾਣਗੇ, ਜਿੱਥੇ 1947 ਦੀ ਵੰਡ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਰਹਿੰਦਾ ਸੀ। ਇਸ ਮੌਕੇ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪੁਰਾਣੇ ਘਰ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.