ਤਾਜਾ ਖਬਰਾਂ
ਆਈਸੀਸੀ ਟੀ20 ਵਿਸ਼ਵ ਕੱਪ 2026 ਦੀ ਸ਼ੁਰੂਆਤ 7 ਫ਼ਰਵਰੀ ਤੋਂ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਕ੍ਰਿਕੇਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸੀ ਕੜੀ ਤਹਿਤ ਸੋਮਵਾਰ ਨੂੰ ਟੀ20 ਵਿਸ਼ਵ ਕੱਪ ਦੀ ਚਮਕਦਾਰ ਟਰੌਫ਼ੀ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿੱਚ ਪਹੁੰਚੀ, ਜਿੱਥੇ ਇਸਦਾ ਭਵ੍ਯ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਜਿਵੇਂ ਹੀ ਟਰੌਫ਼ੀ ਦੇ ਕੈਂਪਸ ਪਹੁੰਚਣ ਦੀ ਖ਼ਬਰ ਫੈਲੀ, ਵਿਦਿਆਰਥੀਆਂ, ਅਧਿਆਪਕਾਂ ਅਤੇ ਕ੍ਰਿਕੇਟ ਪ੍ਰੇਮੀਆਂ ਦੀ ਵੱਡੀ ਭੀੜ ਇਕੱਠੀ ਹੋ ਗਈ। ਟਰੌਫ਼ੀ ਨੂੰ ਸੈਰੇਮੋਨੀਅਲ ਗਾਰਡ ਆਫ਼ ਆਨਰ ਦੇ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਪੂਰੇ ਕੈਂਪਸ ਵਿੱਚ ਜਸ਼ਨ ਅਤੇ ਜੋਸ਼ ਦਾ ਮਾਹੌਲ ਬਣ ਗਿਆ। ਹਰ ਕੋਈ ਇਸ ਇਤਿਹਾਸਕ ਪਲ ਦਾ ਹਿੱਸਾ ਬਣਨਾ ਚਾਹੁੰਦਾ ਸੀ ਅਤੇ ਟਰੌਫ਼ੀ ਨਾਲ ਤਸਵੀਰਾਂ ਖਿੱਚਵਾਉਣ ਲਈ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਆਈਸੀਸੀ ਵੱਲੋਂ ‘ਕਲਾਸ ਆਫ਼ 26’ ਟਰੌਫ਼ੀ ਟੂਰ ਡੀਪੀ ਵਰਲਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰ ਦੇ ਤਹਿਤ ਟੀਮ ਇੰਡੀਆ ਦੇ ਖਿਡਾਰੀਆਂ ਦੇ ਪੁਰਾਣੇ ਸਕੂਲਾਂ ਅਤੇ ਕਾਲਜਾਂ ਵਿੱਚ ਟਰੌਫ਼ੀ ਨੂੰ ਲਿਆਂਦਾ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸੇ ਤਹਿਤ ਟੀ20 ਵਿਸ਼ਵ ਕੱਪ ਟਰੌਫ਼ੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ, ਕਿਉਂਕਿ ਭਾਰਤੀ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਥੋਂ ਦੀ ਪੜ੍ਹਾਈ ਨਾਲ ਜੁੜੇ ਰਹੇ ਹਨ।
ਇਸ ਮੌਕੇ ਵਿਦਿਆਰਥੀਆਂ ਨੇ ਟੀਮ ਇੰਡੀਆ ਨੂੰ ਟੀ20 ਵਿਸ਼ਵ ਕੱਪ 2026 ਵਿੱਚ ਦੁਬਾਰਾ ਖ਼ਿਤਾਬ ਜਿੱਤਣ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ, ਟੂਰਨਾਮੈਂਟ ਦੇ ਅਧਿਕਾਰਤ ਮੈਸਕਾਟ ‘ਬਲੇਜ਼ ਐਂਡ ਟੋਂਕ’ ਨਾਲ ਖੇਡਾਂ ਅਤੇ ਗਤੀਵਿਧੀਆਂ ਵਿੱਚ ਭਰਪੂਰ ਜੋਸ਼ ਨਾਲ ਹਿੱਸਾ ਲਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਪਲ ਯੂਨੀਵਰਸਿਟੀ ਲਈ ਬੇਹੱਦ ਮਾਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਅਰਸ਼ਦੀਪ ਸਿੰਘ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਸਮਰਪਣ ਦੀ ਜੀਵੰਤ ਮਿਸਾਲ ਹਨ ਅਤੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹਨ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਰਹੀ ਹੈ। ਅਰਸ਼ਦੀਪ ਸਿੰਘ ਤੋਂ ਇਲਾਵਾ ਭਾਰਤੀ ਟੀਮ ਦੇ ਪ੍ਰਸਿੱਧ ਸਪਿਨਰ ਕੁਲਦੀਪ ਯਾਦਵ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਨਾਲ ਸਿੱਖਿਆਕ ਤੌਰ ‘ਤੇ ਜੁੜੇ ਰਹੇ ਹਨ, ਜੋ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ।
ਗੌਰਤਲਬ ਹੈ ਕਿ ਇਹ ਟਰੌਫ਼ੀ ਟੂਰ ਪਹਿਲਾਂ ਹੀ ਭਾਰਤ ਦੇ ਕਈ ਨਾਮੀ ਕ੍ਰਿਕੇਟਰਾਂ ਦੇ ਸਿੱਖਿਅਕ ਅਦਾਰਿਆਂ ਵਿੱਚ ਪਹੁੰਚ ਚੁੱਕਾ ਹੈ, ਜਿਵੇਂ ਕਿ ਹਾਰਦਿਕ ਪਾਂਡਿਆ, ਜਸਪ੍ਰੀਤ ਬੁਮਰਾਹ, ਰਿੰਕੂ ਸਿੰਘ, ਈਸ਼ਾਨ ਕਿਸ਼ਨ ਅਤੇ ਹੋਰ ਕਈ ਖਿਡਾਰੀ। ਅਗਲੇ ਪੜਾਅ ਵਿੱਚ ਇਹ ਟਰੌਫ਼ੀ ਅੰਮ੍ਰਿਤਸਰ ਵਿਖੇ ਅਭਿਸ਼ੇਕ ਸ਼ਰਮਾ ਦੇ ਪੁਰਾਣੇ ਸਕੂਲ ਵਿੱਚ ਲਿਆਂਦੀ ਜਾਵੇਗੀ।
ਇਹ ਟਰੌਫ਼ੀ ਟੂਰ ਸਿਰਫ਼ ਇੱਕ ਇਨਾਮ ਨਹੀਂ, ਸਗੋਂ ਉਨ੍ਹਾਂ ਸੁਪਨਿਆਂ, ਮਿਹਨਤ ਅਤੇ ਸੰਘਰਸ਼ ਦਾ ਪ੍ਰਤੀਕ ਹੈ, ਜੋ ਸਕੂਲ ਦੇ ਮੈਦਾਨ ਤੋਂ ਵਿਸ਼ਵ ਮੰਚ ਤੱਕ ਪਹੁੰਚਣ ਵਿੱਚ ਲੱਗਦੇ ਹਨ। ਇਹ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਹਰ ਵੱਡੀ ਕਾਮਯਾਬੀ ਦੀ ਸ਼ੁਰੂਆਤ ਇੱਕ ਛੋਟੇ ਸੁਪਨੇ ਨਾਲ ਹੁੰਦੀ ਹੈ।
Get all latest content delivered to your email a few times a month.