IMG-LOGO
ਹੋਮ ਪੰਜਾਬ: ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਲਗਾਤਾਰ ਤੀਜੇ ਸਾਲ ਹਾਸਿਲ...

ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਲਗਾਤਾਰ ਤੀਜੇ ਸਾਲ ਹਾਸਿਲ ਕੀਤਾ ਚੋਟੀ ਦਾ ਸਥਾਨ

Admin User - Jan 31, 2026 09:31 PM
IMG

ਚੰਡੀਗੜ੍ਹ, 31 ਜਨਵਰੀ:

ਪੰਜਾਬ ਇੱਕ ਵਾਰ ਫਿਰ ਸਕੂਲ ਪੱਧਰੀ ਵਾਤਾਵਰਣ ਸਥਿਰਤਾ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਉਭਰਿਆ ਹੈ, ਜਿਸਨੇ ਗ੍ਰੀਨ ਸਕੂਲ ਐਵਾਰਡ 2026 ਵਿੱਚ ਵੱਕਾਰੀ ਬੈਸਟ ਸਟੇਟ ਅਤੇ 'ਬੈਸਟ ਡਿਸਟ੍ਰਿਕਟ’ ਪੁਰਸਕਾਰ ਜਿੱਤੇ ਹਨ। ਇਹ ਪੁਰਸਕਾਰ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਦੁਆਰਾ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਦਿੱਤੇ ਗਏ।

ਗਰੀਨ ਸਕੂਲ ਪ੍ਰੋਗਰਾਮ ਅਧੀਨ ਬੈਸਟ ਸਟੇਟ ਅਤੇ ਬੈਸਟ ਡਿਸਟ੍ਰਿਕਟ ਦੇ ਇਹ ਐਵਾਰਡ ਪੀ.ਐਸ.ਸੀ.ਐਸ.ਟੀ. ਦੇ ਜੁਆਇੰਟ ਡਾਇਰੈਕਟਰ ਡਾ. ਕੇ.ਐਸ. ਬਾਠ ਨੇ ਨਵੀਂ ਦਿੱਲੀ ਵਿਖੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਸੁਨੀਤਾ ਨਰਾਇਣ ਤੋਂ ਪ੍ਰਾਪਤ ਕੀਤੇ ।

ਦੱਸਣਯੋਗ ਹੈ ਕਿ ਪੰਜਾਬ ਨੇ ਲਗਾਤਾਰ ਤੀਜੇ ਸਾਲ ਇਹ ਐਵਾਰਡ ਜਿੱਤੇ ਹਨ, ਜੋ ਸਕੂਲਾਂ ਵਿੱਚ ਵਾਤਾਵਰਣ ਜਾਗਰੂਕਤਾ ਅਤੇ ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਨੇ ਲਗਾਤਾਰ ਤੀਜੇ ਸਾਲ ਬੈਸਟ ਸਟੇਟ ਰਾਜ ਅਤੇ ਬੈਸਟ ਡਿਸਟ੍ਰਿਕਟ ਐਵਾਰਡ ਜਿੱਤੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕੁੱਲ 13,258 ਸਕੂਲ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਰਜਿਸਟਰ ਹੋਏ, ਜਿਨ੍ਹਾਂ ਵਿੱਚੋਂ 6,264 ਸਕੂਲਾਂ ਨੇ ਗ੍ਰੀਨ ਆਡਿਟ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਦੇਸ਼ ਭਰ ਵਿੱਚ ਆਡਿਟ ਕੀਤੇ ਗਏ ਕੁੱਲ 7,407 ਸਕੂਲਾਂ ਵਿੱਚੋਂ ਪੰਜਾਬ ਦੀ ਹਿੱਸੇਦਾਰੀ 84.57% ਰਹੀ, ਜੋ ਸੂਬੇ ਦੀ ਬੇਮਿਸਾਲ ਭਾਗੀਦਾਰੀ ਅਤੇ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਦੇਸ਼ ਭਰ ਦੇ 433 ਸਕੂਲਾਂ, ਜਿਨ੍ਹਾਂ ਨੂੰ ਵੱਕਾਰੀ ਗ੍ਰੀਨ ਸਕੂਲ ਦਾ ਦਰਜਾ ਦਿੱਤਾ ਗਿਆ ਹੈ, ਵਿੱਚੋਂ 237 ਸਕੂਲ ਪੰਜਾਬ ਦੇ ਹਨ, ਜਿਨ੍ਹਾਂ ਵਿੱਚ 208 ਸਰਕਾਰੀ ਸਕੂਲ ਅਤੇ 10 ਪ੍ਰਾਈਵੇਟ ਸਕੂਲ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ 185 ਗ੍ਰੀਨ ਸਕੂਲ ਪੇਂਡੂ ਖੇਤਰਾਂ ਵਿੱਚ, ਜਦੋਂ ਕਿ 33 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ, ਜੋ ਇਸ ਪ੍ਰੋਗਰਾਮ ਦੀ ਡੂੰਘੀ ਜ਼ਮੀਨੀ ਪਹੁੰਚ ਨੂੰ ਉਜਾਗਰ ਕਰਦੇ ਹਨ। ਹੁਸ਼ਿਆਰਪੁਰ ਜ਼ਿਲ੍ਹਾ ਦੇਸ਼ ਵਿੱਚ ਸਭ ਤੋਂ ਚੰਗੇ ਪ੍ਰਦਰਸ਼ਨ ਵਾਲੇ ਜ਼ਿਲ੍ਹੇ ਵਜੋਂ ਉਭਰਿਆ ਹੈ, ਜਿਸ ਵਿੱਚ ਰਿਕਾਰਡ 947 ਸਕੂਲਾਂ ਨੇ ਗ੍ਰੀਨ ਆਡਿਟ ਨੂੰ ਪੂਰਾ ਕੀਤਾ ਹੈ, ਜੋ ਦੇਸ਼ ਭਰ ਵਿੱਚ ਕਿਸੇ ਵੀ ਜ਼ਿਲ੍ਹੇ ਨਾਲੋਂ ਸਭ ਤੋਂ ਵੱਧ ਹੈ।

ਇਹ ਸ਼ਾਨਦਾਰ ਤਰੱਕੀ ਪੀ.ਐਸ.ਸੀ.ਐਸ.ਟੀ. ਦੇ ਸਰਗਰਮ ਯਤਨਾਂ ਦਾ ਨਤੀਜਾ ਹੈ, ਜਿਸਨੇ ਪੰਜਾਬ ਵਿੱਚ ਗ੍ਰੀਨ ਸਕੂਲ ਲਹਿਰ ਦਾ ਮਹੱਤਵਪੂਰਨ ਵਿਸਥਾਰ ਕੀਤਾ ਹੈ। ਰਾਜ ਵਿੱਚ ਗ੍ਰੀਨ ਸਕੂਲਾਂ ਦੀ ਗਿਣਤੀ 2023-24 ਵਿੱਚ 70 ਤੋਂ ਵਧ ਕੇ 2024-25 ਵਿੱਚ 196 ਅਤੇ 2025-26 ਵਿੱਚ 237 ਹੋ ਗਈ ਹੈ।

ਗ੍ਰੀਨ ਸਕੂਲ ਪ੍ਰੋਗਰਾਮ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਛੇ ਮੁੱਖ ਵਾਤਾਵਰਣਕ ਖੇਤਰਾਂ - ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ - ਵਿੱਚ ਸਰੋਤ ਪ੍ਰਬੰਧਨ ਦਾ ਮੁਲਾਂਕਣ ਅਤੇ ਸੁਧਾਰ ਕਰਨ ਦਾ ਅਧਿਕਾਰ ਦਿੰਦਾ ਹੈ, ਜਿਸ ਨਾਲ ਛੋਟੀ ਉਮਰ ਤੋਂ ਹੀ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਨਾਗਰਿਕਾਂ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। 

ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਪੰਜਾਬ ਦੀ ਨਿਰੰਤਰ ਸਫ਼ਲਤਾ ਨੇ ਦੂਜੇ ਰਾਜਾਂ ਲਈ ਇੱਕ ਮਾਪਦੰਡ ਸਥਾਪਿਤ ਕੀਤਾ ਹੈ ਅਤੇ ਸਿੱਖਿਆ ਵਿੱਚ ਵਾਤਾਵਰਣ ਜਾਗਰੂਕਤਾ ਅਤੇ ਟਿਕਾਊ ਅਭਿਆਸਾਂ ਨੂੰ ਜੋੜਨ ਵਿੱਚ ਆਪਣੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.