ਤਾਜਾ ਖਬਰਾਂ
ਚੰਡੀਗੜ੍ਹ, 31 ਜਨਵਰੀ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਨੀਲ ਗਰਗ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਗਰਗ ਨੇ ਕਿਹਾ ਕਿ ਸੁਨੀਲ ਜਾਖੜ ਅਕਸਰ ਦਾਅਵਾ ਕਰਦੇ ਹਨ ਕਿ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਪੰਜਾਬੀਆਂ ਲਈ ਖ਼ਾਸ ਥਾਂ ਹੈ, ਪਰ ਹਕੀਕਤ ਵਿੱਚ ਇਹ 'ਪਿਆਰ' ਸਿਰਫ਼ ਖੋਖਲੇ ਸ਼ਬਦਾਂ ਤੱਕ ਸੀਮਤ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੱਚਮੁੱਚ ਪੰਜਾਬ ਪ੍ਰਤੀ ਪਿਆਰ ਹੈ, ਤਾਂ ਕੇਂਦਰ ਸਰਕਾਰ ਪਿਛਲੇ ਕਈ ਸਾਲਾਂ ਤੋਂ ਰੋਕਿਆ ਹੋਇਆ ਪੰਜਾਬ ਦੇ ਹੱਕ ਦਾ 8000 ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ ਅਤੇ ਹੋਰ ਕੇਂਦਰੀ ਫੰਡ ਤੁਰੰਤ ਜਾਰੀ ਕਿਉਂ ਨਹੀਂ ਕਰਦੀ?
ਨੀਲ ਗਰਗ ਨੇ ਕਿਹਾ ਕਿ 5-6 ਸਾਲ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਆਰਥਿਕ ਪੈਕੇਜ ਦੇਣ ਦਾ ਰਾਗ ਅਲਾਪਿਆ ਸੀ, ਪਰ ਉਹ ਪੈਕੇਜ ਅੱਜ ਤੱਕ ਕਿਤੇ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਜੀ, ਪੰਜਾਬ ਦੇ ਲੋਕ ਹੁਣ ਲਿਫਾਫੇਬਾਜ਼ੀ ਤੋਂ ਅੱਕ ਚੁੱਕੇ ਹਨ। ਕੱਲ੍ਹ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ, ਇਹ ਉਨ੍ਹਾਂ ਕੋਲ ਆਪਣੀ ਗਲਤੀ ਸੁਧਾਰਨ ਦਾ ਚੰਗਾ ਮੌਕਾ ਹੈ। ਨਵੇਂ ਪੈਕੇਜਾਂ ਦੇ ਐਲਾਨ ਕਰਨ ਤੋਂ ਪਹਿਲਾਂ, ਘੱਟੋ-ਘੱਟ ਉਹ ਪੈਸਾ ਤਾਂ ਵਾਪਸ ਕਰਵਾਓ ਜੋ ਪੰਜਾਬ ਦਾ ਆਪਣਾ ਹੱਕ ਹੈ ਅਤੇ ਜਿਸ ਨੂੰ ਕੇਂਦਰ ਨੇ ਨਜਾਇਜ਼ ਰੋਕ ਕੇ ਰੱਖਿਆ ਹੋਇਆ ਹੈ।
ਕੇਂਦਰ ਦੀ ਦੋਹਰੀ ਨੀਤੀ 'ਤੇ ਸਵਾਲ ਚੁੱਕਦਿਆਂ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਗੁਆਂਢੀ ਸੂਬਿਆਂ ਨੂੰ ਉਦਯੋਗਿਕ ਵਿਕਾਸ ਲਈ ਵਿਸ਼ੇਸ਼ ਪੈਕੇਜ ਦਿੱਤੇ ਹਨ, ਪਰ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਜਦਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਿਨ-ਰਾਤ ਮਿਹਨਤ ਕਰਕੇ ਪੰਜਾਬ ਵਿੱਚ ਵੱਡੀ ਇੰਡਸਟਰੀ ਲੈ ਕੇ ਆ ਰਹੀ ਹੈ ਅਤੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਪਾ ਰਹੀ ਹੈ। ਅਜਿਹੇ ਸਮੇਂ ਵਿੱਚ ਕੇਂਦਰ ਦਾ ਅੜੀਅਲ ਵਤੀਰਾ ਪੰਜਾਬ ਦੇ ਵਿਕਾਸ ਵਿੱਚ ਰੋੜਾ ਬਣ ਰਿਹਾ ਹੈ।
ਨੀਲ ਗਰਗ ਨੇ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਉਹ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਦੀ ਬਜਾਏ ਕੇਂਦਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਬਚਾਅ ਕਿਉਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਲੀਡਰਸ਼ਿਪ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੀ ਹੈ, ਤਾਂ ਕੱਲ੍ਹ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਪੰਜਾਬ ਦੇ ਰੋਕੇ ਹੋਏ ਸਾਰੇ ਫੰਡ ਰਿਲੀਜ਼ ਕਰਵਾਉਣ। ਪੰਜਾਬ ਨੂੰ ਭੀਖ ਨਹੀਂ, ਆਪਣਾ ਹੱਕ ਚਾਹੀਦਾ ਹੈ।
Get all latest content delivered to your email a few times a month.