ਤਾਜਾ ਖਬਰਾਂ
ਲੁਧਿਆਣਾ ਦੇ ਪ੍ਰਸਿੱਧ ਵਕੀਲ ਪ੍ਰਭਜੋਤ ਸਿੰਘ ਸਚਦੇਵਾ ਨੇ ਕਾਨੂੰਨੀ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। 38 ਸਾਲਾ ਪ੍ਰਭਜੋਤ ਸਿੰਘ ਸਚਦੇਵਾ ਨੇ ‘ਪੰਜਾਬ ਹਾਇਰ ਜੁਡੀਸ਼ੀਅਲ ਸਰਵਿਸਿਜ਼’ ਅਤੇ ‘ਹਰਿਆਣਾ ਹਾਇਰ ਜੁਡੀਸ਼ੀਅਲ ਸਰਵਿਸਿਜ਼’ ਦੋਵਾਂ ਪ੍ਰੀਖਿਆਵਾਂ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਲੁਧਿਆਣਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵੱਡੀ ਸਫਲਤਾ ਤੋਂ ਬਾਅਦ ਪਰਿਵਾਰ ਅਤੇ ਸਨੇਹੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪ੍ਰਭਜੋਤ ਸਿੰਘ ਸਚਦੇਵਾ ਨੇ ਆਪਣੀ ਪ੍ਰਾਰੰਭਿਕ ਸਿੱਖਿਆ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਸਸੀਡੀ ਸਰਕਾਰੀ ਕਾਲਜ ਫਾਰ ਬੁਆਏਜ਼, ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਆਪਣੇ ਅੰਡਰਗ੍ਰੈਜੂਏਟ ਦੌਰਾਨ ਕਾਲਜ ਟਾਪਰ ਰਹੇ। ਕਾਨੂੰਨ ਦੇ ਖੇਤਰ ਵਿੱਚ ਅੱਗੇ ਵਧਦਿਆਂ, ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਤੋਂ ਐਲਐਲਬੀ ਕੀਤੀ ਅਤੇ ਬਾਅਦ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਲਐਲਐਮ ਦੀ ਡਿਗਰੀ ਹਾਸਲ ਕੀਤੀ।
ਪਿਛਲੇ 15 ਸਾਲਾਂ ਤੋਂ ਪ੍ਰਭਜੋਤ ਸਿੰਘ ਸਚਦੇਵਾ ਜ਼ਿਲ੍ਹਾ ਅਦਾਲਤ ਲੁਧਿਆਣਾ ਵਿੱਚ ਕਾਨੂੰਨੀ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਮਯਾਬੀ ਕਿਸੇ ਇੱਕ ਦਿਨ ਦੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਸਾਲਾਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਅਟੁੱਟ ਸਮਰਪਣ ਦਾ ਪਰਿਣਾਮ ਹੈ। ਉਨ੍ਹਾਂ ਨੇ ਦੱਸਿਆ ਕਿ ਧੀਰਜ ਅਤੇ ਸਬਰ ਨੇ ਉਨ੍ਹਾਂ ਨੂੰ ਹਰ ਮੁਸ਼ਕਲ ਘੜੀ ਵਿੱਚ ਅੱਗੇ ਵਧਣ ਦੀ ਤਾਕਤ ਦਿੱਤੀ।
ਇਸ ਮੌਕੇ ਪ੍ਰਭਜੋਤ ਸਿੰਘ ਸਚਦੇਵਾ ਨੇ ਆਪਣੇ ਮਾਤਾ-ਪਿਤਾ ਇੰਦਰਜੀਤ ਸਿੰਘ ਸਚਦੇਵਾ ਅਤੇ ਮਨਿੰਦਰ ਕੌਰ ਸਚਦੇਵਾ, ਭਰਾ ਗੁਰਜੋਤ ਸਿੰਘ ਸਚਦੇਵਾ ਅਤੇ ਆਪਣੀ ਪਤਨੀ ਡਾ. ਤਵਨਪ੍ਰੀਤ ਕੌਰ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ। ਡਾ. ਤਵਨਪ੍ਰੀਤ ਕੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ, ਲੁਧਿਆਣਾ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹਨ।
ਉਨ੍ਹਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਇਹ ਯਾਤਰਾ ਨੌਜਵਾਨ ਉਮੀਦਵਾਰਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਹ ਧੀਰਜ, ਇਮਾਨਦਾਰੀ ਅਤੇ ਨੈਤਿਕ ਮੁੱਲਾਂ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧਣਗੇ।
Get all latest content delivered to your email a few times a month.