ਤਾਜਾ ਖਬਰਾਂ
ਤਰਨਤਾਰਨ ਸਥਿਤ ਸ਼ਮਸ਼ਾਨਘਾਟ ਵਿੱਚ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਇੱਕ ਬਜ਼ੁਰਗ ਦੀਆਂ ਅਸਥੀਆਂ ਗਲਤੀ ਨਾਲ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਮਸ਼ਾਨਘਾਟ ਪ੍ਰਬੰਧਨ ਖ਼ਿਲਾਫ਼ ਤੀਖ਼ਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਾਮਲਾ ਪੁਲਿਸ ਤੱਕ ਜਾ ਪਹੁੰਚਿਆ।
ਜਾਣਕਾਰੀ ਅਨੁਸਾਰ, ਸ਼ਹਿਰ ਦੇ ਰਹਿਣ ਵਾਲੇ ਤਿਲਕ ਰਾਜ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਪਰਿਵਾਰ ਵੱਲੋਂ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਸ਼ਮਸ਼ਾਨਘਾਟ ਪ੍ਰਬੰਧਨ ਵੱਲੋਂ ਅਸਥੀਆਂ ਸੰਭਾਲ ਕੇ ਰੱਖਣ ਲਈ ਪਰਿਵਾਰ ਨੂੰ ਰਸੀਦ ਵੀ ਜਾਰੀ ਕੀਤੀ ਗਈ ਸੀ। ਪਰਿਵਾਰ ਨੇ ਅਸਥੀਆਂ ਨੂੰ ਇਸ ਲਈ ਉਥੇ ਹੀ ਛੱਡਿਆ ਸੀ ਕਿਉਂਕਿ ਮ੍ਰਿਤਕ ਦੇ ਪੋਤਾ ਅਤੇ ਪੋਤੀ ਵਿਦੇਸ਼ ਰਹਿੰਦੇ ਸਨ ਅਤੇ ਉਨ੍ਹਾਂ ਦੇ ਵਾਪਸ ਆਉਣ ਉਪਰੰਤ ਅਸਥੀਆਂ ਹਰਿਦੁਆਰ ਵਿਖੇ ਪ੍ਰਵਾਹ ਕੀਤੀਆਂ ਜਾਣੀਆਂ ਸਨ।
ਜਦੋਂ ਪੋਤਾ-ਪੋਤੀ ਵਿਦੇਸ਼ ਤੋਂ ਵਾਪਸ ਆਏ ਤਾਂ ਪਰਿਵਾਰ ਅਸਥੀਆਂ ਲੈਣ ਲਈ ਸ਼ਮਸ਼ਾਨਘਾਟ ਪਹੁੰਚਿਆ। ਪਰ ਰਸੀਦ ‘ਤੇ ਦਰਜ ਨੰਬਰ ਮੁਤਾਬਕ ਅਸਥੀਆਂ ਉਥੇ ਮੌਜੂਦ ਨਹੀਂ ਮਿਲੀਆਂ। ਇਸ ਗੱਲ ਨੂੰ ਲੈ ਕੇ ਪਰਿਵਾਰ ਭੜਕ ਉਠਿਆ ਅਤੇ ਉਨ੍ਹਾਂ ਨੇ ਸ਼ਮਸ਼ਾਨਘਾਟ ਪ੍ਰਬੰਧਨ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਅਸਥੀਆਂ ਗੁਆਚਣ ਤੋਂ ਇਲਾਵਾ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਗਈ, ਜੋ ਬਰਦਾਸ਼ਤਯੋਗ ਨਹੀਂ।
ਉਧਰ ਮੌਕੇ ‘ਤੇ ਪਹੁੰਚੇ ਸ਼ਮਸ਼ਾਨਘਾਟ ਮੈਨੇਜਮੈਂਟ ਕਮੇਟੀ ਦੇ ਇੱਕ ਮੈਂਬਰ ਨੇ ਗਲਤੀ ਮੰਨਦੇ ਹੋਏ ਦੱਸਿਆ ਕਿ ਕਰਮਚਾਰੀ ਦੀ ਲਾਪਰਵਾਹੀ ਕਾਰਨ ਅਸਥੀਆਂ ਗਲਤੀ ਨਾਲ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਦੋਸ਼ੀ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ਼ਮਸ਼ਾਨਘਾਟ ਵਿੱਚ ਕੰਮ ਕਰਦੇ ਮੁਲਾਜ਼ਮ ਵਿਜੇ ਕੁਮਾਰ ਨੇ ਵੀ ਇਸ ਗਲਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸੇ ਦਿਨ ਦੋ ਹੋਰ ਵਿਅਕਤੀਆਂ ਦੀ ਮੌਤ ਹੋਈ ਸੀ, ਜਿਸ ਕਾਰਨ ਅਸਥੀਆਂ ਦੀ ਅਦਲਾ-ਬਦਲੀ ਹੋ ਗਈ। ਉਸਨੇ ਕਿਹਾ ਕਿ ਉਹ ਆਪਣੀ ਗਲਤੀ ਲਈ ਸ਼ਰਮਿੰਦਾ ਹਨ ਅਤੇ ਪੀੜਤ ਪਰਿਵਾਰ ਤੋਂ ਮਾਫ਼ੀ ਮੰਗਦੇ ਹਨ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਸ਼ਾਂਤ ਕਰਵਾਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.