IMG-LOGO
ਹੋਮ ਪੰਜਾਬ: “ਸਾਡੇ ਬਜ਼ੁਰਗ ਸਾਡਾ ਮਾਣ” ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ; 18...

“ਸਾਡੇ ਬਜ਼ੁਰਗ ਸਾਡਾ ਮਾਣ” ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ; 18 ਫਰਵਰੀ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਕੈਂਪ: ਡਾ. ਬਲਜੀਤ ਕੌਰ

Admin User - Jan 29, 2026 04:24 PM
IMG

ਚੰਡੀਗੜ੍ਹ, 29 ਜਨਵਰੀ:

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਫਲੈਗਸ਼ਿਪ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਦਾ ਪੂਰਾ ਸੂਬਾ ਪੱਧਰੀ ਕਾਰਜਕ੍ਰਮ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਹਿੰਮ ਤਹਿਤ 18 ਫਰਵਰੀ 2026 ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਸਿਹਤ ਚੈਕਅੱਪ ਕੈਂਪ ਲਗਾਏ ਜਾਣਗੇ। ਮੁਹਿੰਮ ਦੀ ਆਧਿਕਾਰਕ ਸ਼ੁਰੂਆਤ 16 ਜਨਵਰੀ ਨੂੰ ਮੋਹਾਲੀ ਵਿਖੇ ਕੀਤੀ ਗਈ ਸੀ, ਜਿਸ ਦਾ ਮਕਸਦ ਬਜ਼ੁਰਗਾਂ ਨੂੰ ਸੌਖੀ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਅਤੇ ਸਨਮਾਨ ਮੁਹੱਈਆ ਕਰਵਾਉਣਾ ਹੈ।



ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਟੇਟ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨ ਤਹਿਤ ਵਿੱਤੀ ਸਾਲ 2025–26 ਦੌਰਾਨ 7.86 ਕਰੋੜ ਰੁਪਏ ਖਰਚ ਕਰਕੇ ਬਜ਼ੁਰਗਾਂ ਲਈ ਵਿਸ਼ਤ੍ਰਿਤ ਸਿਹਤ ਸੇਵਾਵਾਂ, ਜਾਗਰੂਕਤਾ ਅਤੇ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।



ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲੋਕ-ਕੇਂਦ੍ਰਿਤ ਅਤੇ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ, ਜਿਸ ਅਧੀਨ ਬਜ਼ੁਰਗਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਨਮਾਨਪੂਰਕ ਜੀਵਨ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।



ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਰ ਸਿਹਤ ਕੈਂਪਾਂ ਦੀ ਸ਼ੁਰੂਆਤ 2 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਤੋਂ ਹੋਵੇਗੀ। ਇਸ ਤੋਂ ਬਾਅਦ 3 ਫਰਵਰੀ ਨੂੰ ਬਠਿੰਡਾ ਅਤੇ ਮਾਨਸਾ, 4 ਫਰਵਰੀ ਨੂੰ ਲੁਧਿਆਣਾ, 5 ਫਰਵਰੀ ਨੂੰ ਮੋਗਾ ਅਤੇ ਫਿਰੋਜ਼ਪੁਰ, 6 ਫਰਵਰੀ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਅਤੇ 9 ਫਰਵਰੀ ਨੂੰ ਫਰੀਦਕੋਟ ਵਿੱਚ ਕੈਂਪ ਲਗਾਏ ਜਾਣਗੇ।



ਇਸੇ ਤਰ੍ਹਾਂ 10 ਫਰਵਰੀ ਨੂੰ ਪਟਿਆਲਾ, 11 ਫਰਵਰੀ ਨੂੰ ਰੂਪਨਗਰ ਅਤੇ ਫਤਿਹਗੜ੍ਹ ਸਾਹਿਬ, 12 ਫਰਵਰੀ ਨੂੰ ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ, 13 ਫਰਵਰੀ ਨੂੰ ਬਰਨਾਲਾ ਅਤੇ ਮਲੇਰਕੋਟਲਾ, 16 ਫਰਵਰੀ ਨੂੰ ਜਲੰਧਰ ਅਤੇ ਕਪੂਰਥਲਾ, 17 ਫਰਵਰੀ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਅਤੇ 18 ਫਰਵਰੀ 2026 ਨੂੰ ਸੰਗਰੂਰ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਸਿਹਤ ਕੈਂਪ ਆਯੋਜਿਤ ਕੀਤੇ ਜਾਣਗੇ।



ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਬਜ਼ੁਰਗਾਂ ਨੂੰ ਮੁਫ਼ਤ ਪੂਰੀ ਜਰੀਏਟ੍ਰਿਕ ਜਾਂਚ (ਬੁਢਾਪੇ ਨਾਲ ਸਬੰਧਤ ਬੀਮਾਰੀਆਂ), ਈ.ਐਨ.ਟੀ. ਜਾਂਚ, ਅੱਖਾਂ ਦੀ ਜਾਂਚ ਅਤੇ ਅੱਖਾਂ ਦੇ ਮੋਤੀਆ ਦੀ ਸਰਜਰੀ ਸਪੈਸ਼ਲਿਸਟ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਸਹੂਲਤਾਂ ਵੀ ਇਕੋ ਥਾਂ ਉਪਲਬਧ ਕਰਵਾਈਆਂ ਜਾਣਗੀਆਂ, ਉਨ੍ਹਾਂ ਕਿਹਾ।



ਉਨ੍ਹਾਂ ਅੱਗੇ ਦੱਸਿਆ ਕਿ ਅਲੀਮਕੋ (ALIMCO) ਵੱਲੋਂ ਬਜ਼ੁਰਗਾਂ ਲਈ ਵ੍ਹੀਲਚੇਅਰ, ਹੇਅਰਿੰਗ ਏਡ ਅਤੇ ਨਜ਼ਦੀਕੀ ਐਨਕਾਂ ਵਰਗੇ ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ, ਜਦਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਤਾ-ਪਿਤਾ ਅਤੇ ਸੀਨੀਅਰ ਸਿਟੀਜ਼ਨ ਮੈਨਟੀਨੈਂਸ ਐਕਟ ਸਬੰਧੀ ਕਾਨੂੰਨੀ ਜਾਗਰੂਕਤਾ ਵੀ ਦਿੱਤੀ ਜਾਵੇਗੀ।



ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਮਾਨ ਸਰਕਾਰ ਬਜ਼ੁਰਗਾਂ ਨੂੰ ਕੇਵਲ ਭਲਾਈ ਸਕੀਮਾਂ ਹੀ ਨਹੀਂ, ਸਗੋਂ ਸਨਮਾਨ, ਸੁਰੱਖਿਆ ਅਤੇ ਸਮਾਜਿਕ ਸਹਾਰਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।



ਕੈਬਨਿਟ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਂਢ-ਗੁਆਂਢ ਵਿੱਚ ਰਹਿੰਦੇ ਬਜ਼ੁਰਗਾਂ ਨੂੰ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਲਗਾਏ ਜਾਣ ਵਾਲੇ ਸਿਹਤ ਅਤੇ ਜਾਗਰੂਕਤਾ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੈ ਕੇ ਆਉਣ, ਤਾਂ ਜੋ ਉਹ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਲੈ ਸਕਣ ਅਤੇ ਸਿਹਤਮੰਦ ਤੇ ਸੁਰਖਿੱਅਤ ਜੀਵਨ ਬਤੀਤ ਕਰ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.