ਤਾਜਾ ਖਬਰਾਂ
ਚੰਡੀਗੜ੍ਹ, 29 ਜਨਵਰੀ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਗਏ ਹੈਰਾਨ ਕਰਨ ਵਾਲੇ ਬਿਆਨਾਂ 'ਤੇ ਕਾਂਗਰਸੀ ਲੀਡਰਸ਼ਿਪ ਦੀ "ਅਪਰਾਧਿਕ ਚੁੱਪ" ਲਈ ਤਿੱਖਾ ਹਮਲਾ ਕੀਤਾ। ਭੱਠਲ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕਾਂਗਰਸ ਸਰਕਾਰ ਦੀ ਵਾਪਸੀ ਲਈ ਪੰਜਾਬ ਵਿੱਚ ਬੰਬ ਧਮਾਕੇ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ।
ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਇੰਟਰਵਿਊ ਵਾਇਰਲ ਹੋਣ ਦੇ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਰਜਿੰਦਰ ਕੌਰ ਭੱਠਲ ਅਤੇ ਨਾ ਹੀ ਕਿਸੇ ਸੀਨੀਅਰ ਕਾਂਗਰਸੀ ਆਗੂ ਨੇ ਇਸ ਬਿਆਨ 'ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਨਾ ਹੀ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਚੁੱਪ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਬਿਆਨ ਸੱਚ ਹਨ, ਜਾਂ ਕਾਂਗਰਸ ਕਿਸੇ ਬਹੁਤ ਹੀ ਕੌੜੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ?
ਪੰਨੂ ਨੇ ਯਾਦ ਦਿਵਾਇਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੇ ਖੁਲਾਸੇ ਹੋਏ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਹਿਲਾਂ ਨੌਜਵਾਨਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਅੱਗੇ ਪੇਸ਼ ਕਰਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਕਤਲ ਹੋਣ ਬਾਰੇ ਗੱਲ ਕੀਤੀ ਸੀ, ਜਿਨ੍ਹਾਂ ਦਾਅਵਿਆਂ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ। ਪੰਨੂ ਨੇ ਸਵਾਲ ਉਠਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲਾਂ ਬੱਧੀ ਪੰਜਾਬ 'ਤੇ ਰਾਜ ਕਰਨ ਦੇ ਬਾਵਜੂਦ ਕਦੇ ਵੀ ਉਨ੍ਹਾਂ ਨੌਜਵਾਨਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਕਿਉਂ ਨਹੀਂ ਮੰਗਿਆ?
ਭੱਠਲ ਦੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਹ ਦਾਅਵਾ ਕਰਨਾ ਕਿ ਸੀਨੀਅਰ ਆਗੂਆਂ, ਸਲਾਹਕਾਰਾਂ ਜਾਂ ਅਧਿਕਾਰੀਆਂ ਨੇ ਚੋਣ ਜਿੱਤਣ ਲਈ ਜਨਤਕ ਥਾਵਾਂ 'ਤੇ ਬੰਬ ਧਮਾਕੇ ਕਰਨ ਦਾ ਸੁਝਾਅ ਦਿੱਤਾ ਸੀ, ਇੱਕ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸੰਤਾਪ ਦੌਰਾਨ ਹਿੰਸਾ ਦੀ ਬਹੁਤ ਵੱਡੀ ਕੀਮਤ ਚੁੱਕਾਈ ਹੈ। ਪਰਿਵਾਰ ਉਜੜ ਗਏ, ਜਵਾਨੀ ਖਤਮ ਹੋ ਗਈ ਅਤੇ ਸੂਬਾ ਅੱਜ ਵੀ ਸਮਾਜਿਕ, ਆਰਥਿਕ ਅਤੇ ਭਾਵਨਾਤਮਕ ਤੌਰ 'ਤੇ ਉਹ ਬੋਝ ਢੋ ਰਿਹਾ ਹੈ। ਅੱਤਵਾਦ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਦਾ ਸੁਝਾਅ ਦੇਣਾ ਵੀ ਨਾ-ਮਾਫ਼ੀਯੋਗ ਹੈ।
ਪੰਨੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂਆਂ ਦੀ ਚੁੱਪ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਕਾਂਗਰਸ ਪੰਜਾਬੀਆਂ ਨੂੰ ਇਹ ਤਾਂ ਦੱਸੇ ਕਿ ਰਜਿੰਦਰ ਕੌਰ ਭੱਠਲ ਝੂਠ ਬੋਲ ਰਹੀ ਹੈ ਜਾਂ ਸੱਚ? ਉਹ ਕਿਹੜੇ ਆਗੂ, ਅਫ਼ਸਰ ਅਤੇ ਸਲਾਹਕਾਰ ਸਨ ਜਿਨ੍ਹਾਂ ਨੇ ਅਜਿਹੀ ਸਲਾਹ ਦਿੱਤੀ ਸੀ?
ਉਨ੍ਹਾਂ ਨੇ ਇਸ ਬਿਆਨ ਨੂੰ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਬੰਬ ਧਮਾਕੇ ਨਾਲ ਵੀ ਜੋੜਿਆ, ਜਿਸ ਵਿੱਚ ਬੱਚਿਆਂ ਸਮੇਤ ਕਈ ਬੇਕਸੂਰ ਜਾਨਾਂ ਗਈਆਂ ਸਨ। ਪੰਨੂ ਨੇ ਪੂਰੀ ਜਵਾਬਦੇਹੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਭੱਠਲ ਦਾ ਬਿਆਨ ਸੱਚ ਹੈ, ਤਾਂ ਪੰਜਾਬੀਆਂ ਨੂੰ ਇਹ ਪੁੱਛਣ ਦਾ ਪੂਰਾ ਹੱਕ ਹੈ ਕਿ ਕੀ ਅਜਿਹੀਆਂ ਘਟਨਾਵਾਂ ਸੱਤਾ ਹਾਸਲ ਕਰਨ ਦੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸਨ।
ਰਵਾਇਤੀ ਪਾਰਟੀਆਂ ਦੀ ਤੁਲਨਾ ਕਰਦਿਆਂ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸਿਆਸੀ ਸਹੂਲਤ ਲਈ ਐਸਵਾਈਐਲ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਜਾਂ ਬੀਬੀਐਮਬੀ ਵਰਗੇ ਪੰਜਾਬ ਦੇ ਹਿੱਤਾਂ ਨਾਲ ਵਾਰ-ਵਾਰ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸੱਚ ਨੂੰ ਦਬਾ ਕੇ ਅਤੇ ਪੰਜਾਬ ਦੇ ਹੱਕਾਂ ਦੀ ਕੁਰਬਾਨੀ ਦੇ ਕੇ ਰਾਜ ਕੀਤਾ। ਅੱਜ ਉਨ੍ਹਾਂ ਦੇ ਆਪਣੇ ਆਗੂ ਹੀ ਉਸ ਕਾਲੇ ਇਤਿਹਾਸ ਨੂੰ ਬੇਨਕਾਬ ਕਰ ਰਹੇ ਹਨ।
ਪੰਨੂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਨੇ ਪੰਜਾਬ ਦੇ ਹੱਕਾਂ ਅਤੇ ਸਨਮਾਨ ਨਾਲ ਜੁੜੇ ਹਰ ਮੁੱਦੇ 'ਤੇ ਅਟੱਲ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪੰਜਾਬੀਆਂ ਨੂੰ ਭਰੋਸਾ ਦਿੰਦੀ ਹੈ ਕਿ ਸੂਬੇ ਨੂੰ ਦੁਬਾਰਾ ਕਦੇ ਵੀ ਸਿਆਸੀ ਤਜ਼ਰਬਿਆਂ ਦੀ ਪ੍ਰਯੋਗਸ਼ਾਲਾ ਨਹੀਂ ਬਣਨ ਦਿੱਤਾ ਜਾਵੇਗਾ। ਪੰਜਾਬ ਦੀ ਸ਼ਾਂਤੀ, ਹੱਕ ਅਤੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਪੰਨੂ ਨੇ ਕਿਹਾ ਕਿ ਸੱਚ ਨੂੰ ਸਦਾ ਲਈ ਛੁਪਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਨੀਲੇ ਗਿੱਦੜ ਦੀ ਕਹਾਣੀ ਵਾਂਗ ਇਨ੍ਹਾਂ ਰਵਾਇਤੀ ਪਾਰਟੀਆਂ ਦਾ ਅਸਲੀ ਚਿਹਰਾ ਨੰਗਾ ਹੋ ਰਿਹਾ ਹੈ। ਪੰਜਾਬੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਸਮੇਂ ਵਿੱਚ ਸਰਕਾਰਾਂ ਕਿਵੇਂ ਬਣੀਆਂ ਸਨ ਅਤੇ ਅਜਿਹੀਆਂ ਤਾਕਤਾਂ ਨੂੰ ਕਦੇ ਵੀ ਵਾਪਸ ਨਹੀਂ ਆਉਣ ਦੇਣਾ ਚਾਹੀਦਾ।
Get all latest content delivered to your email a few times a month.