ਤਾਜਾ ਖਬਰਾਂ
ਸੜਕਾਂ 'ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਜਾਨ ਕਿੰਨੀ ਖ਼ਤਰੇ ਵਿੱਚ ਹੁੰਦੀ ਹੈ, ਇਸ ਦੀ ਇੱਕ ਰੂਹ ਕੰਬਾਊ ਤਸਵੀਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਮਹਿਜ਼ 2 ਸੈਕਿੰਡ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲਾਲ ਰੰਗ ਦੀ ਕਾਰ ਦੇ ਬੋਨਟ 'ਤੇ ਇੱਕ ਟ੍ਰੈਫਿਕ ਪੁਲਿਸ ਕਰਮਚਾਰੀ ਲਟਕਿਆ ਹੋਇਆ ਦਿਖਾਈ ਦੇ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟ੍ਰੈਫਿਕ ਪੁਲਿਸ ਦਾ ਕਾਂਸਟੇਬਲ ਗੁਰਮੀਤ ਚੌਧਰੀ P-3 ਗੋਲ ਚੱਕਰ 'ਤੇ ਡਿਊਟੀ ਕਰ ਰਿਹਾ ਸੀ। ਰੁਟੀਨ ਚੈਕਿੰਗ ਦੌਰਾਨ ਜਦੋਂ ਗੁਰਮੀਤ ਨੇ ਇੱਕ ਲਾਲ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ।
ਆਪਣੀ ਜਾਨ ਬਚਾਉਣ ਲਈ ਕਾਂਸਟੇਬਲ ਗੁਰਮੀਤ ਨੇ ਤੁਰੰਤ ਛਾਲ ਮਾਰੀ ਅਤੇ ਉਹ ਕਾਰ ਦੇ ਬੋਨਟ 'ਤੇ ਜਾ ਡਿੱਗਿਆ। ਪਰ ਬੇਖੌਫ਼ ਕਾਰ ਚਾਲਕ ਨੇ ਫਿਰ ਵੀ ਗੱਡੀ ਨਹੀਂ ਰੋਕੀ ਅਤੇ ਪੁਲਿਸ ਮੁਲਾਜ਼ਮ ਨੂੰ ਬੋਨਟ 'ਤੇ ਲਟਕਾਈ ਹੋਈ ਹਾਲਤ ਵਿੱਚ ਹੀ ਕਰੀਬ 500 ਮੀਟਰ ਤੱਕ ਘਸੀਟਦਾ ਲੈ ਗਿਆ।
ਲੋਕਾਂ ਦੇ ਸ਼ੋਰ ਮਚਾਉਣ 'ਤੇ ਬਚੀ ਜਾਨ
ਰਾਹਗੀਰਾਂ ਨੇ ਜਦੋਂ ਇਹ ਖ਼ੌਫ਼ਨਾਕ ਮੰਜ਼ਰ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦਬਾਅ ਦੇਖ ਕੇ ਚਾਲਕ ਨੇ ਗੱਡੀ ਰੋਕੀ, ਜਿਸ ਤੋਂ ਬਾਅਦ ਕਾਂਸਟੇਬਲ ਦੀ ਜਾਨ ਬਚ ਸਕੀ।
ਪੁਲਿਸ ਦੀ ਕਾਰਵਾਈ
ਪੁਲਿਸ ਪ੍ਰਵਕਤਾ ਨੇ ਦੱਸਿਆ ਕਿ ਕਾਰ ਦੇ ਨੰਬਰ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਛਾਪੇਮਾਰੀ ਜਾਰੀ ਹੈ।
Get all latest content delivered to your email a few times a month.