ਤਾਜਾ ਖਬਰਾਂ
ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੇ ਨਵੇਂ ਮੇਅਰ ਦੀ ਚੋਣ ਲਈ ਅੱਜ ਨਗਰ ਨਿਗਮ ਭਵਨ ਵਿੱਚ ਸਿਆਸੀ ਘਮਸਾਣ ਹੋਣ ਜਾ ਰਿਹਾ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਸਵੇਰੇ 11 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਵਾਰ ਦੀ ਚੋਣ ਇਤਿਹਾਸਕ ਹੋਣ ਵਾਲੀ ਹੈ, ਕਿਉਂਕਿ ਪ੍ਰਸ਼ਾਸਨ ਨੇ 'ਕਰੌਸ ਵੋਟਿੰਗ' ਅਤੇ ਬੈਲਟ ਪੇਪਰਾਂ ਦੀ ਹੇਰਾਫੇਰੀ ਰੋਕਣ ਲਈ ਗੁਪਤ ਵੋਟਿੰਗ ਦੀ ਪ੍ਰਥਾ ਨੂੰ ਖ਼ਤਮ ਕਰਦਿਆਂ ਹੱਥ ਖੜ੍ਹੇ ਕਰਕੇ ਵੋਟ ਪਾਉਣ ਦਾ ਨਵਾਂ ਨਿਯਮ ਲਾਗੂ ਕੀਤਾ ਹੈ।
ਸਿਆਸੀ ਗਣਿਤ: ਕਿਸ ਦੇ ਪੱਲੇ ਕਿੰਨੀ ਤਾਕਤ?
ਨਿਗਮ ਸਦਨ ਵਿੱਚ ਬਹੁਮਤ ਦਾ ਅੰਕੜਾ 19 ਹੈ, ਪਰ ਕਿਸੇ ਵੀ ਪਾਰਟੀ ਕੋਲ ਇਕੱਲਿਆਂ ਇਹ ਅੰਕੜਾ ਮੌਜੂਦ ਨਹੀਂ ਹੈ:
ਭਾਰਤੀ ਜਨਤਾ ਪਾਰਟੀ: 18 ਕੌਂਸਲਰਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ (ਪਿਛਲੇ ਮਹੀਨੇ 'ਆਪ' ਦੇ ਦੋ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਤਾਕਤ ਵਧੀ)।
ਆਮ ਆਦਮੀ ਪਾਰਟੀ: 11 ਕੌਂਸਲਰ।
ਕਾਂਗਰਸ: 6 ਕੌਂਸਲਰ ਅਤੇ 1 ਲੋਕ ਸਭਾ ਮੈਂਬਰ ਦੀ ਵੋਟ (ਕੁੱਲ 7)।
ਗਠਜੋੜ ਦੀ 'ਖਿਚੜੀ': ਕੀ ਇਕੱਠੇ ਚੱਲਣਗੇ 'ਆਪ' ਤੇ ਕਾਂਗਰਸ?
ਚੋਣਾਂ ਤੋਂ ਪਹਿਲਾਂ ਹੋਏ ਸਮਝੌਤੇ ਮੁਤਾਬਕ, ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੀ ਹੈ, ਜਦਕਿ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ 'ਤੇ ਦਾਅਵਾ ਜਤਾਇਆ ਹੈ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਗਠਜੋੜ ਨੂੰ ਲੈ ਕੇ ਦਿੱਤੇ ਗਏ ਵਿਰੋਧੀ ਬਿਆਨਾਂ ਨੇ ਸਥਿਤੀ ਨੂੰ ਕਾਫੀ ਦਿਲਚਸਪ ਬਣਾ ਦਿੱਤਾ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਸਿਰਫ਼ ਭਾਜਪਾ ਨੂੰ ਰੋਕਣ ਲਈ ਹੈ। ਅੱਜ ਵੋਟਿੰਗ ਦੌਰਾਨ ਹੀ ਸਾਫ਼ ਹੋਵੇਗਾ ਕਿ ਇਹ 'ਦੋਸਤੀ' ਸਿਰਫ਼ ਕਾਗਜ਼ਾਂ 'ਤੇ ਹੈ ਜਾਂ ਜ਼ਮੀਨੀ ਪੱਧਰ 'ਤੇ ਵੀ।
ਨਿਯਮਾਂ ਵਿੱਚ ਵੱਡੀ ਤਬਦੀਲੀ
ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਿਯਮਾਂ ਵਿੱਚ ਕੀਤੀ ਸੋਧ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੇਅਰ ਦੀ ਚੋਣ ਪਾਰਦਰਸ਼ੀ ਤਰੀਕੇ ਨਾਲ (ਹੱਥ ਖੜ੍ਹੇ ਕਰਕੇ) ਕੀਤੀ ਜਾਵੇਗੀ। ਇਸ ਫੈਸਲੇ ਨੇ ਉਨ੍ਹਾਂ ਕੌਂਸਲਰਾਂ ਦੀ ਚਿੰਤਾ ਵਧਾ ਦਿੱਤੀ ਹੈ ਜੋ ਪਾਰਟੀ ਲਾਈਨ ਤੋਂ ਹਟ ਕੇ ਵੋਟ ਪਾਉਣ ਦੀ ਫਿਰਾਕ ਵਿੱਚ ਸਨ।
ਜੇਕਰ 'ਆਪ' ਅਤੇ ਕਾਂਗਰਸ ਇਕੱਠੇ ਹੋ ਕੇ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਕੋਲ ਕੁੱਲ 18 ਵੋਟਾਂ ਬਣਦੀਆਂ ਹਨ, ਜੋ ਕਿ ਭਾਜਪਾ (18) ਦੇ ਬਰਾਬਰ ਹਨ। ਅਜਿਹੀ ਸਥਿਤੀ ਵਿੱਚ ਇੱਕ-ਇੱਕ ਵੋਟ ਦੀ ਕੀਮਤ ਬੇਹੱਦ ਅਹਿਮ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ।
Get all latest content delivered to your email a few times a month.