ਤਾਜਾ ਖਬਰਾਂ
ਟੀਵੀ ਦੀ ‘ਨਾਗਿਨ’ ਵਜੋਂ ਮਸ਼ਹੂਰ ਅਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਹਰਿਆਣਾ ਦੇ ਕਰਨਾਲ ਵਿੱਚ ਇੱਕ ਸਮਾਗਮ ਦੌਰਾਨ ਹੋਈ ਬਦਸਲੂਕੀ ਦਾ ਸ਼ਿਕਾਰ ਹੋ ਗਈ ਹੈ। ਆਪਣੀ ਮਿਹਨਤ ਨਾਲ ਮੁਕਾਮ ਹਾਸਲ ਕਰਨ ਵਾਲੀ ਅਦਾਕਾਰਾ ਨੇ ਇੱਕ ਲੰਮੀ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣਾ ਦਰਦ ਅਤੇ ਗੁੱਸਾ ਜ਼ਾਹਰ ਕਰਦਿਆਂ ਖ਼ੁਲਾਸਾ ਕੀਤਾ ਕਿ ਕਿਵੇਂ ਪਰਿਵਾਰਕ ਸਮਾਗਮ ਵਿੱਚ ਮੌਜੂਦ ‘ਬਜ਼ੁਰਗਾਂ’ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਫੋਟੋ ਦੇ ਬਹਾਨੇ ਕਮਰ ’ਤੇ ਰੱਖਿਆ ਹੱਥ
ਮੌਨੀ ਰਾਏ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਘਟਨਾ ਉਦੋਂ ਸ਼ੁਰੂ ਹੋਈ ਜਦੋਂ ਉਹ ਸਟੇਜ ਵੱਲ ਵਧ ਰਹੀ ਸੀ। ਉਸ ਨੇ ਦੱਸਿਆ, "ਕਈ ਅੰਕਲ ਅਤੇ ਪਰਿਵਾਰਕ ਮੈਂਬਰ ਫੋਟੋਆਂ ਖਿੱਚਣ ਦੇ ਬਹਾਨੇ ਮੇਰੀ ਕਮਰ 'ਤੇ ਹੱਥ ਰੱਖਣ ਲੱਗੇ। ਜਦੋਂ ਮੈਂ ਤੁਰੰਤ ਇਤਰਾਜ਼ ਜਤਾਇਆ ਅਤੇ ਹੱਥ ਹਟਾਉਣ ਲਈ ਕਿਹਾ, ਤਾਂ ਉਨ੍ਹਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਦਾ ਵਿਵਹਾਰ ਹੋਰ ਵੀ ਵਿਗੜ ਗਿਆ।"
ਸਟੇਜ ਦੇ ਹੇਠਾਂ ਤੋਂ ਕੀਤੀਆਂ ਅਸ਼ਲੀਲ ਹਰਕਤਾਂ
ਅਦਾਕਾਰਾ ਮੁਤਾਬਕ ਸਟੇਜ 'ਤੇ ਸਥਿਤੀ ਹੋਰ ਵੀ ਭਿਆਨਕ ਹੋ ਗਈ। ਦੋ ਬਜ਼ੁਰਗ ਵਿਅਕਤੀ ਸਟੇਜ ਦੇ ਬਿਲਕੁਲ ਹੇਠਾਂ ਖੜ੍ਹੇ ਹੋ ਕੇ ਉਸ ਨੂੰ ਗਾਲਾਂ ਕੱਢ ਰਹੇ ਸਨ ਅਤੇ ਅਸ਼ਲੀਲ ਇਸ਼ਾਰੇ ਕਰ ਰਹੇ ਸਨ। ਮੌਨੀ ਨੇ ਲਿਖਿਆ, "ਸਟੇਜ ਉੱਚੀ ਸੀ ਅਤੇ ਉਹ ਹੇਠਾਂ ਤੋਂ ਗ਼ਲਤ ਤਰੀਕੇ ਨਾਲ ਫ਼ਿਲਮ ਬਣਾ ਰਹੇ ਸਨ। ਜਦੋਂ ਮੈਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੇਰੇ ਵੱਲ ਗੁਲਾਬ ਦੇ ਫੁੱਲ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।"
ਪ੍ਰਬੰਧਕਾਂ ਦੀ ਚੁੱਪ 'ਤੇ ਚੁੱਕੇ ਸਵਾਲ
ਮੌਨੀ ਨੇ ਦੱਸਿਆ ਕਿ ਉਹ ਇਸ ਵਿਵਹਾਰ ਤੋਂ ਇੰਨੀ ਪਰੇਸ਼ਾਨ ਸੀ ਕਿ ਉਹ ਪ੍ਰਦਰਸ਼ਨ ਵਿਚਕਾਰ ਹੀ ਛੱਡ ਕੇ ਜਾਣ ਲੱਗੀ ਸੀ, ਪਰ ਆਪਣੇ ਪੇਸ਼ੇਵਰ ਰਿਸ਼ਤੇ ਕਾਰਨ ਉਸ ਨੇ ਪ੍ਰੋਗਰਾਮ ਖ਼ਤਮ ਕੀਤਾ। ਉਸ ਨੇ ਅਫ਼ਸੋਸ ਜਤਾਇਆ ਕਿ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਪ੍ਰਬੰਧਕ ਨੇ ਉਨ੍ਹਾਂ ਬਦਤਮੀਜ਼ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।
‘ਸ਼ਰਮ ਕਰੋ!’ – ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ
ਬੇਹੱਦ ਅਪਮਾਨਿਤ ਮਹਿਸੂਸ ਕਰ ਰਹੀ ਅਦਾਕਾਰਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, "ਅਸੀਂ ਕਲਾਕਾਰ ਹਾਂ ਅਤੇ ਇਮਾਨਦਾਰੀ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਾਂ। ਮੈਂ ਸੋਚਦੀ ਹਾਂ ਕਿ ਇਹ ਲੋਕ ਕੀ ਕਰਨਗੇ ਜੇਕਰ ਕੋਈ ਇਨ੍ਹਾਂ ਦੀਆਂ ਧੀਆਂ ਜਾਂ ਭੈਣਾਂ ਨਾਲ ਅਜਿਹਾ ਵਿਵਹਾਰ ਕਰੇ? ਮੈਨੂੰ ਆਪਣੇ ਦੇਸ਼ ਅਤੇ ਪਰੰਪਰਾਵਾਂ 'ਤੇ ਮਾਣ ਹੈ, ਪਰ ਅਜਿਹੀ ਮਾਨਸਿਕਤਾ 'ਤੇ ਸ਼ਰਮ ਆਉਂਦੀ ਹੈ।" ਉਸ ਨੇ ਪ੍ਰਸ਼ਾਸਨ ਤੋਂ ਅਜਿਹੇ ਅਸਹਿਣਯੋਗ ਵਿਵਹਾਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਘਟਨਾ ਤੋਂ ਬਾਅਦ ਕਰਨਾਲ ਵਿੱਚ ਮਹਿਲਾ ਸੁਰੱਖਿਆ ਅਤੇ ਕਲਾਕਾਰਾਂ ਦੇ ਸਨਮਾਨ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਹੈ।
Get all latest content delivered to your email a few times a month.