ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੀ ਸਰਗਰਮ ਆਗੂ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਥਾਣਾ ਸਿਟੀ ਤਰਨਤਾਰਨ ਵਿੱਚ ਦਰਜ ਮੁਕੱਦਮਾ ਨੰਬਰ 240, ਜਿਸ ਅਧੀਨ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ, ਉਸ ਮਾਮਲੇ ਵਿੱਚ ਅਦਾਲਤ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਲੱਗੀ ਅੰਤਰਿਮ ਰੋਕ ਨੂੰ 31 ਜਨਵਰੀ ਤੱਕ ਵਧਾ ਦਿੱਤਾ ਹੈ।
ਇਸ ਮਾਮਲੇ ਦੀ ਅੱਜ ਸਥਾਨਕ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਸੁਣਵਾਈ ਨਿਰਧਾਰਤ ਸੀ, ਪਰ ਮਾਨਯੋਗ ਜੱਜ ਦੇ ਛੁੱਟੀ ‘ਤੇ ਹੋਣ ਕਾਰਨ ਅਦਾਲਤ ਵੱਲੋਂ ਕੇਸ ਦੀ ਅਗਲੀ ਤਰੀਕ 31 ਜਨਵਰੀ ਮੁਕਰਰ ਕੀਤੀ ਗਈ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਅਦਾਲਤ ਨੇ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ‘ਤੇ 23 ਜਨਵਰੀ ਤੱਕ ਰੋਕ ਲਗਾਉਂਦਿਆਂ ਉਨ੍ਹਾਂ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਦੇ ਹੁਕਮ ਦਿੱਤੇ ਸਨ।
ਕੰਚਨਪ੍ਰੀਤ ਕੌਰ ਦੇ ਵਕੀਲ ਜੇ.ਐਸ. ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਕਰੇਗੀ। ਉਨ੍ਹਾਂ ਅਨੁਸਾਰ, ਜ਼ਿਮਨੀ ਚੋਣਾਂ ਦੌਰਾਨ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਕੰਚਨਪ੍ਰੀਤ ਕੌਰ ਰੰਧਾਵਾ ਸਮੇਤ ਅਮ੍ਰਿਤਪਾਲ ਬਾਠ, ਪੂਰਨ ਸਿੰਘ, ਪਰਮਜੀਤ ਸਿੰਘ ਪੰਮਾ, ਅਜਮੇਰ ਸਿੰਘ, ਸੰਦੀਪ ਕੁਮਾਰ ਦੋਦੇ ਅਤੇ ਹੋਰ ਕੁਝ ਵਿਅਕਤੀਆਂ ਖ਼ਿਲਾਫ਼ ਆਈ.ਟੀ. ਐਕਟ ਅਧੀਨ ਕੇਸ ਦਰਜ ਕੀਤਾ ਸੀ।
ਵਕੀਲ ਨੇ ਇਹ ਵੀ ਕਿਹਾ ਕਿ ਜੱਜ ਦੇ ਅਣਉਪਲਬਧ ਹੋਣ ਕਰਕੇ ਅਦਾਲਤ ਵੱਲੋਂ ਨਾ ਸਿਰਫ਼ ਸੁਣਵਾਈ ਦੀ ਤਰੀਕ ਅੱਗੇ ਵਧਾਈ ਗਈ ਹੈ, ਸਗੋਂ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ ਵੀ 31 ਜਨਵਰੀ ਤੱਕ ਬਰਕਰਾਰ ਰੱਖੀ ਗਈ ਹੈ।
Get all latest content delivered to your email a few times a month.