ਤਾਜਾ ਖਬਰਾਂ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨੀਂ ਦਿਨੀਂ ਆਪਣੀ ਬਹੁ-ਚਰਚਿਤ ਫਿਲਮ ‘ਬਾਰਡਰ 2’ ਨੂੰ ਲੈ ਕੇ ਚਰਚਾ ਵਿੱਚ ਹਨ। 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਤੋਂ ਪਹਿਲਾਂ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਭਾਵੁਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ 1997 ਦੀ ਮੂਲ ਫਿਲਮ ‘ਬਾਰਡਰ’ ਨਾਲ ਜੁੜੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਅਤੇ ਪਰਿਵਾਰਕ ਪਿਛੋਕੜ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਪੈਸਿਆਂ ਦੀ ਤੰਗੀ ਕਾਰਨ ਨਹੀਂ ਦੇਖ ਸਕੇ ਸਨ ਪਹਿਲੀ ਫਿਲਮ
ਦਿਲਜੀਤ ਨੇ ਦੱਸਿਆ ਕਿ ਜਦੋਂ 1997 ਵਿੱਚ ਸੰਨੀ ਦਿਓਲ ਦੀ ਫਿਲਮ ‘ਬਾਰਡਰ’ ਰਿਲੀਜ਼ ਹੋਈ ਸੀ, ਤਾਂ ਉਨ੍ਹਾਂ ਦੇ ਪਿੰਡ ਦੇ ਸਾਰੇ ਮੁੰਡੇ ਸ਼ਹਿਰ ਜਾ ਕੇ ਫਿਲਮ ਦੇਖ ਕੇ ਆਏ ਸਨ। ਪਰ ਪੈਸੇ ਨਾ ਹੋਣ ਕਾਰਨ ਦਿਲਜੀਤ ਸਿਨੇਮਾਘਰ ਨਹੀਂ ਜਾ ਸਕੇ। ਉਨ੍ਹਾਂ ਨੇ ਇਹ ਫਿਲਮ ਬਹੁਤ ਦੇਰ ਬਾਅਦ ਵੀਸੀਆਰ (VCR) 'ਤੇ ਦੇਖੀ ਸੀ। ਦਿਲਜੀਤ ਮੁਤਾਬਕ, ਉਸ ਵੇਲੇ ਫਿਲਮ ਦੇਖ ਕੇ ਜੋ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਇਆ ਸੀ, ਉਹ ਅੱਜ ਵੀ ਬਰਕਰਾਰ ਹੈ।
ਪਿਤਾ ਅਤੇ ਚਾਚਾ ਨਾਲ ਜੁੜੀਆਂ ਯਾਦਾਂ
ਸ਼ੂਟਿੰਗ ਦੌਰਾਨ ਰੋਡਵੇਜ਼ ਬੱਸ ਵਿੱਚ ਸਫ਼ਰ ਕਰਦਿਆਂ ਦਿਲਜੀਤ ਨੇ ਆਪਣੇ ਪਿਤਾ ਨੂੰ ਯਾਦ ਕੀਤਾ, ਜੋ ਪੰਜਾਬ ਰੋਡਵੇਜ਼ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚਾਚਾ ਜੀ ਵੀ ਫੌਜੀ ਸਨ, ਜਿਸ ਕਾਰਨ ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਵਰਦੀ ਅਤੇ ਸੈਨਿਕਾਂ ਪ੍ਰਤੀ ਬਹੁਤ ਸਤਿਕਾਰ ਰਿਹਾ ਹੈ। ਉਨ੍ਹਾਂ ਕਿਹਾ, "ਬਿਨਾਂ ਸਕ੍ਰਿਪਟ ਪੜ੍ਹੇ ਇਸ ਫਿਲਮ ਲਈ ਹਾਂ ਕਹਿ ਦਿੱਤੀ ਸੀ ਕਿਉਂਕਿ ‘ਬਾਰਡਰ’ ਮੇਰੇ ਲਈ ਸਿਰਫ਼ ਫਿਲਮ ਨਹੀਂ, ਇੱਕ ਭਾਵਨਾ ਹੈ।"
ਪਰਮਵੀਰ ਚੱਕਰ ਜੇਤੂ ਨਿਰਮਲਜੀਤ ਸਿੰਘ ਸੇਖੋਂ ਦਾ ਨਿਭਾਉਣਗੇ ਕਿਰਦਾਰ
ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਹਵਾਈ ਸੈਨਾ ਦੇ ਮਹਾਨ ਨਾਇਕ ਅਤੇ ਲੁਧਿਆਣਾ ਦੇ ਵਸਨੀਕ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾ ਰਹੇ ਹਨ। ਸੇਖੋਂ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਹਨ, ਜਿਨ੍ਹਾਂ ਨੇ 1971 ਦੀ ਜੰਗ ਵਿੱਚ ਅਦੁੱਤੀ ਬਹਾਦਰੀ ਦਿਖਾਈ ਸੀ। ਦਿਲਜੀਤ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਅਜਿਹੇ ਨਾਇਕਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
ਤਿੰਨਾਂ ਸੈਨਾਵਾਂ ਦੀ ਬਹਾਦਰੀ ਦੀ ਗਾਥਾ
‘ਬਾਰਡਰ 2’ ਵਿੱਚ ਭਾਰਤੀ ਫੌਜ ਦੀਆਂ ਤਿੰਨਾਂ ਸ਼ਾਖਾਵਾਂ ਦੀਆਂ ਸੱਚੀਆਂ ਕਹਾਣੀਆਂ ਦਿਖਾਈਆਂ ਜਾਣਗੀਆਂ:
ਸੰਨੀ ਦਿਓਲ: ਲੈਫਟੀਨੈਂਟ ਕਰਨਲ ਫਤਿਹ ਸਿੰਘ ਕਲੇਰ (ਥਲ ਸੈਨਾ)।
ਵਰੁਣ ਧਵਨ: ਮੇਜਰ ਹੁਸ਼ਿਆਰ ਸਿੰਘ ਦਹੀਆ (ਥਲ ਸੈਨਾ)।
ਅਹਾਨ ਸ਼ੈੱਟੀ: ਲੈਫਟੀਨੈਂਟ ਕਮਾਂਡਰ ਐਮ.ਐਸ. ਰਾਵਤ (ਜਲ ਸੈਨਾ)।
ਦਿਲਜੀਤ ਦੋਸਾਂਝ: ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ (ਹਵਾਈ ਸੈਨਾ)।
ਦਿਲਜੀਤ ਨੇ ਸੰਨੀ ਦਿਓਲ ਨਾਲ ਕੰਮ ਕਰਨ ਨੂੰ ਆਪਣੇ ਲਈ ਇੱਕ ‘ਫੈਨ ਮੋਮੈਂਟ’ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਸੁਪਰਸਟਾਰ ਨੂੰ ਬਚਪਨ ਵਿੱਚ ਦੇਖਦੇ ਸੀ, ਅੱਜ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਕ੍ਰੀਨ ਸਾਂਝੀ ਕਰਨਾ ਬਹੁਤ ਮਾਣ ਵਾਲੀ ਗੱਲ ਹੈ।
Get all latest content delivered to your email a few times a month.