ਤਾਜਾ ਖਬਰਾਂ
ਚੰਡੀਗੜ੍ਹ : ਨਿਤਿਨ ਨਵੀਨ ਦੇ ਰੂਪ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਸਭ ਤੋਂ ਘੱਟ ਉਮਰ ਦਾ ਕੌਮੀ ਪ੍ਰਧਾਨ ਮਿਲਿਆ ਹੈ। ਉਨ੍ਹਾਂ ਨੂੰ ਮੰਗਲਵਾਰ (20 ਜਨਵਰੀ, 2026) ਨੂੰ ਅਧਿਕਾਰਤ ਤੌਰ ‘ਤੇ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਵਜੋਂ ਚੁਣਿਆ ਗਿਆ। ਨਿਤਿਨ ਨਵੀਨ ਆਪਣਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿੱਚ ਨਜ਼ਰ ਆਏ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਹੋਣ ਵਾਲੀਆਂ ਮੇਅਰ ਚੋਣਾਂ ਦੇ ਲਈ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਜੋ ਕਿ ਪਾਰਟੀ ਦੀ ਆਉਣ ਵਾਲੀ ਚੋਣ ਰਣਨੀਤੀ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਮੇਅਰ ਦੀਆਂ ਚੋਣਾਂ 29 ਜਨਵਰੀ 2026 ਨੂੰ ਹੋਣ ਜਾ ਰਹੀਆਂ ਹਨ। ਪਾਰਟੀ ਵੱਲੋਂ ਵਿਨੋਦ ਤਾਵੜੇ ਵਰਗੇ ਸੀਨੀਅਰ ਆਗੂ ਨੂੰ ਆਬਜ਼ਰਵਰ ਲਗਾਉਣਾ ਇਨ੍ਹਾਂ ਚੋਣਾਂ ਪ੍ਰਤੀ ਭਾਜਪਾ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਨਿਤਿਨ ਨਵੀਨ ਦੇ ਇਹ ਸ਼ੁਰੂਆਤੀ ਫੈਸਲੇ ਇੱਕ ਸੁਨੇਹਾ ਦਿੰਦੇ ਹਨ ਕਿ ਭਾਜਪਾ ਹੁਣ ਹਰ ਚੋਣ ਮਿਸ਼ਨ ਮੋਡ ਵਿੱਚ ਲੜਨ ਲਈ ਤਿਆਰ ਹੈ। ਸੰਗਠਨ ਨੂੰ ਮਜ਼ਬੂਤ ਕਰਨ ਅਤੇ ਤਜਰਬੇਕਾਰ ਨੇਤਾਵਾਂ ਦੀ ਤਾਇਨਾਤੀ ਰਾਹੀਂ ਰਾਜਾਂ ਵਿੱਚ ਬਿਹਤਰ ਤਾਲਮੇਲ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਪਾਰਟੀ ਦੇ ਅੰਦਰ, ਇਸ ਨੂੰ ਨਵੇਂ ਪ੍ਰਧਾਨ ਲਈ ਇੱਕ ਮਜ਼ਬੂਤ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.