ਤਾਜਾ ਖਬਰਾਂ
ਸ੍ਰੀ ਅੰਮ੍ਰਿਤਸਰ ਸਾਹਿਬ:
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਅੰਦਰ ਚੱਲ ਰਹੇ ਗੰਭੀਰ ਕਲੇਸ਼ ਦਾ ਮਾਮਲਾ ਅੱਜ ਸਿੱਖਾਂ ਦੀ ਸਰਵੋਚ ਧਾਰਮਿਕ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਚਹਿਰੀ ਤੱਕ ਪਹੁੰਚ ਗਿਆ। HSGPC ਦੇ ਸੰਸਥਾਪਕ ਅਤੇ ਸੀਨੀਅਰ ਆਗੂ ਜਗਦੀਸ਼ ਸਿੰਘ ਝੀਂਡਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਿੰਘ ਸਾਹਿਬ ਨੂੰ ਇੱਕ ਵਿਸਤ੍ਰਿਤ ਲਿਖਤੀ ਅਰਜ਼ੀ ਅਤੇ ਦਸਤਾਵੇਜ਼ ਸੌਂਪ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਦੋਸ਼ ਲਗਾਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਬਣਾਉਣ ਲਈ ਉਨ੍ਹਾਂ ਨੇ 22 ਸਾਲ ਲਗਾਤਾਰ ਸੰਘਰਸ਼ ਕੀਤਾ, ਆਪਣਾ ਕਾਰੋਬਾਰ ਅਤੇ ਨਿੱਜੀ ਜੀਵਨ ਤੱਕ ਦਾਅ ‘ਤੇ ਲਗਾ ਦਿੱਤਾ, ਪਰ ਅੱਜ ਕੁਝ ਲੋਕ ਉਸ ਮਿਹਨਤ ਨੂੰ ਨਿੱਜੀ ਸਵਾਰਥਾਂ ਦੀ ਭੇਟ ਚੜ੍ਹਾ ਰਹੇ ਹਨ। ਉਨ੍ਹਾਂ ਸਿੱਧੇ ਤੌਰ ‘ਤੇ ਬਲਜੀਤ ਸਿੰਘ ਦਾਦੂਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਾਦੂਵਾਲ ਨੇ ਕਮੇਟੀ ਅੰਦਰ ਲਗਾਤਾਰ ਫੁਟ ਅਤੇ ਅਸ਼ਾਂਤੀ ਪੈਦਾ ਕੀਤੀ।
ਝੀਂਡਾ ਨੇ ਦੋਸ਼ ਲਗਾਇਆ ਕਿ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਦਾਦੂਵਾਲ ਵੱਲੋਂ ਮੈਂਬਰਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਮਾਵਾਂ-ਭੈਣਾਂ ਨੂੰ ਅਪਮਾਨਜਨਕ ਸ਼ਬਦ ਕਹੇ ਗਏ, ਜੋ ਕਿ ਇੱਕ ਧਾਰਮਿਕ ਆਗੂ ਦੀ ਮਰਿਆਦਾ ਦੇ ਸਿਰੇ ਤੋਂ ਖ਼ਿਲਾਫ਼ ਹੈ। ਆਰਥਿਕ ਮਾਮਲਿਆਂ ਬਾਰੇ ਵੱਡਾ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ 2014 ਤੋਂ 2026 ਤੱਕ ਧਰਮ ਪ੍ਰਚਾਰ ਦੇ ਨਾਂ ‘ਤੇ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਦਾ ਅੱਜ ਤੱਕ ਕੋਈ ਸਪਸ਼ਟ ਹਿਸਾਬ ਨਹੀਂ ਦਿੱਤਾ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਇਹ ਰਕਮ ਨਿੱਜੀ ਜ਼ਮੀਨਾਂ ਖਰੀਦਣ, ਮਹਿੰਗੀਆਂ ਗੱਡੀਆਂ ਲੈਣ ਅਤੇ ਨਿੱਜੀ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਣ ਲਈ ਵਰਤੀ ਗਈ, ਜਦਕਿ ਇਹ ਪੈਸਾ HSGPC ਦੇ ਖਾਤੇ ਵਿੱਚ ਜਾਣਾ ਚਾਹੀਦਾ ਸੀ। ਇਸੇ ਕਾਰਨ HSGPC ਦੇ 33 ਮੈਂਬਰਾਂ ਨੇ ਸਾਂਝਾ ਮਤਾ ਪਾਸ ਕਰਕੇ ਬਲਜੀਤ ਸਿੰਘ ਦਾਦੂਵਾਲ ਨੂੰ ਮੈਂਬਰਸ਼ਿਪ ਅਤੇ ਧਰਮ ਪ੍ਰਚਾਰ ਕਮੇਟੀ ਦੀ ਚੇਅਰਮੈਨੀ ਤੋਂ ਹਟਾ ਦਿੱਤਾ।
ਅੰਤ ਵਿੱਚ ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਚ ਦਖਲ ਦੇ ਕੇ ਹਰਿਆਣਾ ਦੇ ਸਿੱਖਾਂ ਨੂੰ ਇਸ ਲੰਬੇ ਚੱਲ ਰਹੇ ਕਲੇਸ਼ ਤੋਂ ਨਿਜਾਤ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Get all latest content delivered to your email a few times a month.