ਤਾਜਾ ਖਬਰਾਂ
ਰੂਪਨਗਰ ਪੁਲਿਸ ਨੇ ਰੇਤ, ਬਜਰੀ ਅਤੇ ਹੋਰ ਨਿਰਮਾਣ ਸਮੱਗਰੀ ਦੀ ਗੈਰਕਾਨੂੰਨੀ ਢੁਆਈ ਲਈ ਨਕਲੀ “ਕਿਊ ਫਾਰਮ” ਤਿਆਰ ਕਰਕੇ ਸਪਲਾਈ ਕਰਨ ਵਾਲੇ ਇੱਕ ਸੁਚੱਜੇ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਹ ਗਿਰੋਹ ਬੋਗਸ ਵੈੱਬਸਾਈਟ ਰਾਹੀਂ ਅਸਲੀ ਸਰਕਾਰੀ ਪੋਰਟਲ ਦੀ ਨਕਲ ਕਰਦਾ ਸੀ, ਜਿਸ ਕਾਰਨ ਪੰਜਾਬ ਸਰਕਾਰ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਸੀ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮ—ਅਰੁਣ ਕੁਮਾਰ ਉਰਫ਼ ਰਾਣਾ, ਹਰਿੰਦਰਪਾਲ ਭੱਲਾ ਉਰਫ਼ ਨੋਨੂ ਭੱਲਾ, ਗੁਰਮੀਤ ਸਿੰਘ ਅਤੇ ਅਖਿਲੇਸ਼ ਪ੍ਰਤਾਪ ਸ਼ਾਹੀ—ਨੂੰ ਗ੍ਰਿਫ਼ਤਾਰ ਕਰਕੇ ਥਾਣਾ ਨੰਗਲ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ’ਤੇ ਬੀਐਨਐਸ ਅਤੇ ਆਈਟੀ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਦੋਸ਼ੀਆਂ ਨੇ ਮਾਈਨਜ਼ ਐਂਡ ਜੀਓਲੋਜੀ ਵਿਭਾਗ ਦੀ ਅਸਲੀ ਵੈੱਬਸਾਈਟ ਵਰਗੀ ਦਿੱਖ ਵਾਲੀ ਨਕਲੀ ਸਾਈਟ ਤਿਆਰ ਕਰਕੇ ਟਰੱਕ ਨੰਬਰਾਂ ਲਈ ਨਕਲੀ ਕਿਊ ਫਾਰਮ ਜਾਰੀ ਕੀਤੇ, ਤਾਂ ਜੋ ਐਨਫੋਰਸਮੈਂਟ ਏਜੰਸੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਰੈਕੇਟ ਪਿਛਲੇ 5-6 ਮਹੀਨਿਆਂ ਤੋਂ ਸਰਗਰਮ ਸੀ ਅਤੇ ਲਗਭਗ 450 ਤੋਂ 500 ਤੱਕ ਨਕਲੀ ਕਿਊ ਫਾਰਮ ਬਣਾਏ ਗਏ।
ਕਾਰਵਾਈ ਡੀਆਈਜੀ ਰੂਪਨਗਰ ਰੇਂਜ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਦੁਆਰਾ ਅੰਜਾਮ ਦਿੱਤੀ ਗਈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 9 ਮੋਬਾਈਲ ਫੋਨ ਅਤੇ 2 ਲੈਪਟਾਪ ਬਰਾਮਦ ਹੋਏ ਹਨ। ਪੁਲਿਸ ਵੱਲੋਂ ਹੁਣ ਇਸ ਰੈਕੇਟ ਨਾਲ ਜੁੜੇ ਹੋਰ ਟਰਾਂਸਪੋਰਟਰਾਂ, ਟਰੱਕਾਂ ਦੀ ਮੂਵਮੈਂਟ, ਡਿਜ਼ੀਟਲ ਟ੍ਰੇਲ ਅਤੇ ਵਿੱਤੀ ਲੈਣ-ਦੇਣ ਦੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ।
ਰੂਪਨਗਰ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਕਲੀ ਦਸਤਾਵੇਜ਼ਾਂ ਅਤੇ ਗੈਰਕਾਨੂੰਨੀ ਢੁਆਈ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
Get all latest content delivered to your email a few times a month.