ਤਾਜਾ ਖਬਰਾਂ
ਖੰਨਾ ਵਿਧਾਨ ਸਭਾ ਹਲਕੇ ਲਈ ਬਿਜਲੀ ਸੇਵਾਵਾਂ ਨੂੰ ਸੁਧਾਰਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਵਿੱਚ 45 ਨਵੇਂ ਲਾਈਨਮੈਨ ਨਿਯੁਕਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਸੈਰ ਸਪਾਟਾ, ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਹ ਨਿਯੁਕਤੀਆਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ ‘ਮਿਸ਼ਨ ਰੋਜ਼ਗਾਰ’ ਦਾ ਹਿੱਸਾ ਹਨ।
ਪੀ.ਐਸ.ਪੀ.ਸੀ.ਐਲ ਖੰਨਾ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਹਲਕਾ ਖੰਨਾ ਨੂੰ ਮਿਲੇ 45 ਲਾਈਨਮੈਨਾਂ ਵਿੱਚ 25 ਅਪਰੈਂਟਿਸ ਲਾਈਨਮੈਨ ਅਤੇ 20 ਸਹਾਇਕ ਲਾਈਨਮੈਨ (ਏ.ਐਮ.ਐਲ) ਸ਼ਾਮਲ ਹਨ, ਜਿਨ੍ਹਾਂ ਨੇ 2 ਦਸੰਬਰ 2025 ਨੂੰ ਆਪਣੀ ਡਿਊਟੀ ਸੰਭਾਲ ਲਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਸਬੰਧੀ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਹੋਵੇਗਾ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਤੱਕ 61 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸਕ ਉਪਲਬਧੀ ਹਾਸਲ ਕਰ ਚੁੱਕੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਦੀ ਗੁੰਜਾਇਸ਼ ਨਹੀਂ ਛੱਡੀ ਗਈ।
ਇਸ ਮੌਕੇ ਮੰਤਰੀ ਸੌਂਦ ਨੇ ਇਹ ਵੀ ਜਾਣਕਾਰੀ ਦਿੱਤੀ ਕਿ 66 ਕੇ.ਵੀ. ਸਬ-ਸਟੇਸ਼ਨ ਖੰਨਾ ਤੋਂ ਚੱਲਦੇ 11 ਕੇ.ਵੀ. ਨੰਦੀ ਕਲੋਨੀ ਫੀਡਰ ਦੀ ਵੰਡ ਕਰਕੇ ਲਗਭਗ 46 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਫੀਡਰ ਤਿਆਰ ਕਰਕੇ 25 ਨਵੰਬਰ 2025 ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਸ ਨਾਲ ਪ੍ਰੋਫੈਸਰ ਕਲੋਨੀ, ਮਾਸਟਰ ਕਲੋਨੀ, ਕੇਹਰ ਸਿੰਘ ਕਲੋਨੀ, ਜਗਤ ਕਲੋਨੀ, ਰਹੌਣ ਪਿੰਡ, ਲਲਹੇੜੀ ਰੋਡ ਅਤੇ ਪੈਟਰੋਲ ਪੰਪ ਇਲਾਕੇ ਨੂੰ ਸਿੱਧਾ ਲਾਭ ਮਿਲੇਗਾ ਅਤੇ ਭਾਰੀ ਲੋਡ ਦੀ ਸਮੱਸਿਆ ਦੂਰ ਹੋਵੇਗੀ।
ਉਨ੍ਹਾਂ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਲਈ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਲੋਕਾਂ ਤੱਕ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣਾ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਲੋਕਪ੍ਰਤਿਨਿਧੀ ਅਤੇ ਹਲਕੇ ਦੇ ਮਾਣਯੋਗ ਵਿਅਕਤੀ ਵੀ ਹਾਜ਼ਰ ਰਹੇ।
Get all latest content delivered to your email a few times a month.