ਤਾਜਾ ਖਬਰਾਂ
ਕੈਨੇਡਾ ਤੋਂ ਪੰਜਾਬ ਲਈ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁਰਮ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਰਾਜਪ੍ਰੀਤ ਸਿੰਘ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਹੇਠ ਮ੍ਰਿਤਕ ਮਿਲਿਆ ਹੈ। ਇਸ ਦੁਖਦਾਈ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਜਦਕਿ ਮਾਪਿਆਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ।
ਰਾਜਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਮਾਪਿਆਂ ਨੇ ਆਪਣੇ ਪੁੱਤਰ ਦੇ ਭਵਿੱਖ ਨੂੰ ਸੁਧਾਰਨ ਦੀ ਆਸ ਨਾਲ ਅਪ੍ਰੈਲ 2024 ਵਿੱਚ ਕਰੀਬ 18 ਲੱਖ ਰੁਪਏ ਦਾ ਭਾਰੀ ਕਰਜ਼ਾ ਚੁੱਕ ਕੇ ਉਸਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਿਆ ਸੀ। ਰਾਜਪ੍ਰੀਤ ਬਰੈਂਪਟਨ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਸਰੀ (Surrey) ਵਿੱਚ ਰਹਿੰਦਾ ਸੀ।
ਪਰਿਵਾਰ ਮੁਤਾਬਕ 17 ਜਨਵਰੀ ਨੂੰ ਕੈਨੇਡਾ ਤੋਂ ਇੱਕ ਰਿਸ਼ਤੇਦਾਰ ਦਾ ਫੋਨ ਆਇਆ, ਜਿਸ ਨੇ ਰਾਜਪ੍ਰੀਤ ਦੀ ਮੌਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਂ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ।
ਮ੍ਰਿਤਕ ਦੇ ਮਾਮਾ ਹਰਜਿੰਦਰ ਸਿੰਘ (ਘਨੌਰ) ਨੇ ਦੱਸਿਆ ਕਿ ਪਰਿਵਾਰ ਕੋਲ ਸਿਰਫ਼ ਤਿੰਨ ਏਕੜ ਜ਼ਮੀਨ ਹੈ ਅਤੇ ਰਾਜਪ੍ਰੀਤ ਦਾ ਪਿਤਾ ਕੁਲਵੰਤ ਸਿੰਘ ਇੱਕ ਨਿੱਜੀ ਸਕੂਲ ਦੀ ਬੱਸ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਹੈ। ਪਹਿਲਾਂ ਹੀ 18 ਲੱਖ ਦੇ ਕਰਜ਼ੇ ਹੇਠ ਦਬੇ ਪਰਿਵਾਰ ਕੋਲ ਹੁਣ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਵੀ ਵਸਾਏ ਨਹੀਂ ਹਨ।
ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਇਲਾਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਹੈ ਕਿ ਰਾਜਪ੍ਰੀਤ ਸਿੰਘ ਦੀ ਲਾਸ਼ ਨੂੰ ਜਲਦ ਤੋਂ ਜਲਦ ਕੈਨੇਡਾ ਤੋਂ ਪੰਜਾਬ ਵਾਪਸ ਲਿਆਂਦਾ ਜਾਵੇ, ਤਾਂ ਜੋ ਮਾਪੇ ਆਪਣੇ ਇਕਲੌਤੇ ਪੁੱਤਰ ਦਾ ਆਖਰੀ ਦਰਸ਼ਨ ਕਰ ਸਕਣ ਅਤੇ ਪਿੰਡ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
Get all latest content delivered to your email a few times a month.