ਤਾਜਾ ਖਬਰਾਂ
ਗਰੀਬੀ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਪਰਿਵਾਰਾਂ ਦੀਆਂ ਔਰਤਾਂ ਰੋਜ਼ੀ-ਰੋਟੀ ਦੀ ਖੋਜ ਵਿੱਚ ਵਿਦੇਸ਼ ਜਾਣ ਲਈ ਮਜਬੂਰ ਹੋ ਜਾਂਦੀਆਂ ਹਨ। ਪਰ ਕਈ ਵਾਰ ਇਹ ਪਰਵਾਸ ਇੰਨਾ ਦਰਦਨਾਕ ਸਾਬਤ ਹੁੰਦਾ ਹੈ ਕਿ ਮਾਂ ਆਪਣੇ ਬੱਚੇ ਅਤੇ ਪਤਨੀ ਆਪਣੇ ਪਤੀ ਨੂੰ ਆਖਰੀ ਵਾਰ ਵੀ ਨਹੀਂ ਦੇਖ ਸਕਦੀ। ਓਮਾਨ ਵਿੱਚ ਫਸੀਆਂ ਦੋ ਭਾਰਤੀ ਔਰਤਾਂ ਦੇ ਮਾਮਲੇ ਇਸ ਮਨੁੱਖੀ ਤਰਾਸਦੀ ਦੀ ਜੀਤੀ-ਜਾਗਦੀ ਮਿਸਾਲ ਬਣ ਕੇ ਸਾਹਮਣੇ ਆਏ ਹਨ।
ਚਾਲੀ ਮੁਕਤੀਆਂ ਦੀ ਪਵਿੱਤਰ ਧਰਤੀ ਨਾਲ ਸਬੰਧਤ ਮੰਗਾ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਾਹੀਂ ਭਾਰਤ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਸਦੀ ਪਤਨੀ, ਜੋ ਮਸਕਟ ਵਿੱਚ ਫਸੀ ਹੋਈ ਹੈ, ਨੂੰ ਤੁਰੰਤ ਵਾਪਸ ਲਿਆਂਦਾ ਜਾਵੇ। ਪਰਿਵਾਰ ਚਾਹੁੰਦਾ ਹੈ ਕਿ ਉਹ ਮਾਂ ਆਪਣੇ ਅੱਠ ਸਾਲਾ ਪੁੱਤਰ ਨਵਦੀਪ ਨੂੰ ਆਖਰੀ ਵਾਰ ਦੇਖ ਸਕੇ, ਜਿਸਦੀ ਪਿਛਲੇ ਹਫ਼ਤੇ ਬਲੱਡ ਕੈਂਸਰ ਕਾਰਨ ਮੌਤ ਹੋ ਗਈ ਸੀ। ਮਾਂ ਦੀ ਗੈਰਹਾਜ਼ਰੀ ਕਰਕੇ ਨਵਦੀਪ ਦੀ ਲਾਸ਼ ਇੱਕ ਹਫ਼ਤੇ ਤੋਂ ਹਸਪਤਾਲ ਵਿੱਚ ਰੱਖੀ ਹੋਈ ਹੈ ਅਤੇ ਪਰਿਵਾਰ ਨੇ ਅੰਤਿਮ ਸੰਸਕਾਰ ਮਾਂ ਦੇ ਆਉਣ ਤੱਕ ਰੋਕ ਰੱਖਿਆ ਹੈ।
ਮੰਗਾ ਸਿੰਘ ਨੇ ਦੱਸਿਆ ਕਿ ਪੁੱਤਰ ਦੀ ਲੰਬੀ ਬਿਮਾਰੀ ਦੇ ਇਲਾਜ ਨੇ ਪਰਿਵਾਰ ਨੂੰ ਕਰਜ਼ੇ ਹੇਠ ਦਬਾ ਦਿੱਤਾ। ਇਸ ਮਜ਼ਬੂਰੀ ਵਿੱਚ ਉਸਦੀ ਪਤਨੀ ਪਿਛਲੇ ਸਾਲ ਸਤੰਬਰ ਮਹੀਨੇ ਓਮਾਨ ਗਈ ਸੀ ਤਾਂ ਜੋ ਕੁਝ ਕਮਾਈ ਕਰਕੇ ਪਰਿਵਾਰ ਨੂੰ ਸੰਭਾਲ ਸਕੇ। ਏਜੰਟਾਂ ਵੱਲੋਂ ਮਸਕਟ ਵਿੱਚ ਘਰੇਲੂ ਕੰਮ ਲਈ 25 ਤੋਂ 30 ਹਜ਼ਾਰ ਰੁਪਏ ਮਹੀਨਾ ਤਨਖਾਹ ਦਾ ਝਾਂਸਾ ਦੇ ਕੇ ਉਸਨੂੰ ਵਿਦੇਸ਼ ਭੇਜਿਆ ਗਿਆ ਸੀ।
ਪਰਿਵਾਰ ਮੁਤਾਬਕ, ਮੰਗਾ ਸਿੰਘ ਦੀ ਪਤਨੀ ਨੇ ਤਿੰਨ ਮਹੀਨੇ ਤੱਕ ਬਿਨਾਂ ਕਿਸੇ ਸ਼ਿਕਾਇਤ ਦੇ ਕਠੋਰ ਮਿਹਨਤ ਕੀਤੀ, ਪਰ ਹੁਣ ਹਾਲਾਤ ਇੰਨੇ ਦਰਦਨਾਕ ਹੋ ਚੁੱਕੇ ਹਨ ਕਿ ਉਹ ਆਪਣੇ ਹੀ ਪੁੱਤਰ ਦੇ ਆਖਰੀ ਦਰਸ਼ਨ ਤੋਂ ਵੀ ਵੰਜੀ ਰਹਿ ਸਕਦੀ ਹੈ। ਇਹ ਮਾਮਲਾ ਸਿਰਫ਼ ਇੱਕ ਪਰਿਵਾਰ ਦੀ ਪੀੜ੍ਹ ਨਹੀਂ, ਸਗੋਂ ਵਿਦੇਸ਼ੀ ਮਜ਼ਦੂਰੀ ਦੀ ਕੜਵੀ ਹਕੀਕਤ ਅਤੇ ਸਿਸਟਮ ਦੀ ਬੇਰੁਖ਼ੀ ਨੂੰ ਬਿਆਨ ਕਰਦਾ ਹੈ।
Get all latest content delivered to your email a few times a month.