ਤਾਜਾ ਖਬਰਾਂ
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਮੁਹੰਮਦਪੁਰੀਆ ਵਿੱਚ ਰਹਿਣ ਵਾਲੇ ਇੱਕ ਸਾਦੇ ਤੇ ਗਰੀਬ ਪਰਿਵਾਰ ਦੀ ਕਿਸਮਤ ਅਚਾਨਕ ਚਮਕ ਉੱਠੀ, ਜਦੋਂ ਪਰਿਵਾਰ ਦੇ ਮੁਖੀ ਪ੍ਰਿਥਵੀ ਕੁਮਾਰ ਦੇ ਨਾਮ 10 ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਲਾਟਰੀ ਨਿਕਲਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਘਰ ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ ਲੱਗ ਗਈ।
ਪ੍ਰਿਥਵੀ ਕੁਮਾਰ ਦਿਹਾੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ, ਜਦਕਿ ਉਸ ਦੀ ਪਤਨੀ ਸੁਮਨ ਇੱਕ ਸਕੂਲ ਵਿੱਚ ਚਪੜਾਸੀ (ਸੇਵਾਦਾਰ) ਵਜੋਂ ਕੰਮ ਕਰਦੀ ਹੈ। ਸਾਲਾਂ ਦੀ ਮਿਹਨਤ ਅਤੇ ਤੰਗੀ-ਤਰੱਕੀ ਤੋਂ ਬਾਅਦ ਹੁਣ 10 ਕਰੋੜ ਰੁਪਏ ਦਾ ਜੈਕਪੋਟ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਲੈ ਆਇਆ ਹੈ।
ਖ਼ਬਰ ਮਿਲਣ ਮਗਰੋਂ ਪਰਿਵਾਰ ਨੇ ਢੋਲ ਵਜਾ ਕੇ ਅਤੇ ਨੋਟਾਂ ਦੇ ਹਾਰ ਪਾ ਕੇ ਖੁਸ਼ੀ ਮਨਾਈ। ਪ੍ਰਿਥਵੀ ਨੇ ਦੱਸਿਆ ਕਿ ਉਹ ਇਸ ਰਕਮ ਨਾਲ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੋ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ। ਉਸਦੇ 6 ਸਾਲ ਦੇ ਪੁੱਤਰ ਦਕਸ਼ ਨੇ ਮਾਸੂਮੀਅਤ ਨਾਲ ਕਿਹਾ ਕਿ ਹੁਣ ਉਹ “ਥਾਰ” ਗੱਡੀ ਖਰੀਦਣਗੇ, ਜਿਸ ਨੇ ਸਭ ਦਾ ਦਿਲ ਜਿੱਤ ਲਿਆ।
ਪਤਨੀ ਸੁਮਨ ਨੇ ਇਸ ਜਿੱਤ ਨੂੰ ਪਰਮਾਤਮਾ ਦੀ ਮੇਹਰ ਦੱਸਦਿਆਂ ਕਿਹਾ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਿਸਮਤ ਇੰਨੀ ਤੇਜ਼ੀ ਨਾਲ ਬਦਲ ਜਾਵੇਗੀ। ਉਧਰ, ਕਿੱਲਿਆਂਵਾਲੀ ਮੰਡੀ ਦੇ ਲਾਟਰੀ ਟਿਕਟ ਵਿਕਰੇਤਾ ਮਦਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਟਿਕਟਾਂ ਵੇਚ ਰਿਹਾ ਹੈ ਅਤੇ ਪਹਿਲਾਂ ਵੀ ਉਸ ਕੋਲੋਂ 5 ਕਰੋੜ ਤੋਂ ਲੈ ਕੇ 5 ਲੱਖ ਰੁਪਏ ਤੱਕ ਦੇ ਇਨਾਮ ਨਿਕਲ ਚੁੱਕੇ ਹਨ, ਪਰ ਇਸ ਵਾਰ ਸਭ ਤੋਂ ਵੱਡਾ ਇਨਾਮ ਪ੍ਰਿਥਵੀ ਦੇ ਨਾਮ ਲੱਗਾ ਹੈ।
ਨਿਯਮਾਂ ਮੁਤਾਬਕ, ਪ੍ਰਿਥਵੀ ਨੂੰ ਆਪਣਾ ਆਧਾਰ ਕਾਰਡ, ਪੈਨ ਕਾਰਡ, ਬੈਂਕ ਪਾਸਬੁੱਕ ਅਤੇ ਜੇਤੂ ਟਿਕਟ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਲਾਟਰੀ ਦੀ ਰਕਮ ਸਿੱਧੀ ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ, ਜਿਸ ਵਿੱਚੋਂ 30 ਪ੍ਰਤੀਸ਼ਤ ਟੈਕਸ ਕੱਟਿਆ ਜਾਵੇਗਾ। ਟੈਕਸ ਕਟੌਤੀ ਤੋਂ ਬਾਅਦ ਪ੍ਰਿਥਵੀ ਨੂੰ ਲਗਭਗ 7 ਕਰੋੜ ਰੁਪਏ ਦੀ ਰਕਮ ਮਿਲੇਗੀ, ਜੋ ਉਸਦੇ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ।
Get all latest content delivered to your email a few times a month.