ਤਾਜਾ ਖਬਰਾਂ
ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠਾ ਹਲਕੇ ਦੇ ਦੌਰੇ ਦੌਰਾਨ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਤੇ ਸਖ਼ਤ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਇਹੀ ਨੇਤਾ ਜ਼ਿੰਮੇਵਾਰ ਹਨ।
ਸੀਐਮ ਮਾਨ ਨੇ ਦੌਰੇ ਦੌਰਾਨ ਮਜੀਠਾ ਵਿਧਾਨ ਸਭਾ ਹਲਕੇ ਵਿੱਚ 23 ਨਵੀਆਂ ਪੇਂਡੂ ਲਿੰਕ ਸੜਕਾਂ ਦਾ ਉਦਘਾਟਨ ਵੀ ਕੀਤਾ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਨੇੜਲੇ ਪਿੰਡ ਬਿੱਕਰੌਰ ਵਿੱਚ ਜਲਦੀ ਹੀ ਇੱਕ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਫ਼ਜ਼ੂਲ ਦੀ ਟਕਰਾਅ ਵਾਲੀ ਸਿਆਸਤ ਵਿੱਚ ਫਸਾਉਣ ਦੀ ਬਜਾਏ ਅਸਲ ਲੋਕ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਧਰਮ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ 328 ਸਰੂਪ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਕਾਲੀ ਦਲ ਦੀ ਸਿਆਸਤ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ, ਜਿਸ ਕਾਰਨ ਮਾਣ-ਮਰਿਆਦਾ ਦੀ ਰਾਖੀ ਨਹੀਂ ਹੋ ਰਹੀ। ਇਸ ਸੰਦਰਭ ਵਿੱਚ ਸੀਐਮ ਮਾਨ ਨੇ ਐੱਸਜੀਪੀਸੀ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਅਸਤੀਫ਼ਾ ਦੇ ਕੇ ਉਹ ਜਿਸ ਮਰਜ਼ੀ ਪਾਰਟੀ ਨਾਲ ਜਾ ਸਕਦੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀ ਦਲ ਦੀ ਮੁੜ ਸਰਕਾਰ ਬਣੀ ਤਾਂ ਪੰਜਾਬ ਵਿੱਚ ਫਿਰ ਬੇਅਦਬੀਆਂ ਵਰਗਾ ਮਾਹੌਲ ਬਣ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਵੱਡੀ ਸੰਸਥਾ ਹੈ ਅਤੇ ਉਹ ਉਸਦੀ ਮਰਿਆਦਾ ਨੂੰ ਸਿਰ ਮੱਥੇ ਮੰਨਦੇ ਹਨ।
ਇਸ ਤੋਂ ਇਲਾਵਾ ਸੀਐਮ ਮਾਨ ਨੇ ਸਕੂਲਾਂ ਦੀਆਂ ਛੁੱਟੀਆਂ ਦੇ ਮਸਲੇ ‘ਤੇ ਵੀ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ “12×5=48” ਵਾਲੇ ਬਿਆਨ ਤੋਂ ਬਾਅਦ ਮਾਪਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਦੇਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਸਿੱਖਿਆ ਹੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਗੱਲਾਂ ਸੁਣ ਕੇ ਸਮਾਗਮ ਦੌਰਾਨ ਮੌਜੂਦ ਲੋਕਾਂ ਵਿੱਚ ਹਾਸਾ ਅਤੇ ਤਾਲੀਆਂ ਗੂੰਜ ਉਠੀਆਂ।
Get all latest content delivered to your email a few times a month.