ਤਾਜਾ ਖਬਰਾਂ
ਪੰਜਾਬ ਸਰਕਾਰ ਨੇ ਸ਼ਹਿਰਾਂ ਦੀ ਸਾਫ਼-ਸੁਥਰਾਈ, ਟ੍ਰੈਫਿਕ ਪ੍ਰਬੰਧ ਅਤੇ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਜਾਰੀ ਹੁਕਮਾਂ ਅਨੁਸਾਰ, ਸੂਬੇ ਭਰ ਵਿੱਚ ਪੁਲਿਸ ਥਾਣਿਆਂ ਦੇ ਅਹਾਤਿਆਂ ਅਤੇ ਹੋਰ ਸਰਕਾਰੀ ਜ਼ਮੀਨਾਂ ’ਤੇ ਲੰਮੇ ਸਮੇਂ ਤੋਂ ਪਏ ਸਕ੍ਰੈਪ, ਛੱਡੇ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਹਟਾਇਆ ਜਾਵੇਗਾ।
ਇਨ੍ਹਾਂ ਵਾਹਨਾਂ ਨੂੰ ਸ਼ਹਿਰੀ ਹੱਦਾਂ ਤੋਂ ਬਾਹਰ ਨਿਰਧਾਰਤ ਕੀਤੇ ਗਏ ਯਾਰਡਾਂ ਵਿੱਚ ਯੋਜਨਾਬੱਧ ਢੰਗ ਨਾਲ ਤਬਦੀਲ ਕੀਤਾ ਜਾਵੇਗਾ। ਸਰਕਾਰ ਦਾ ਮਕਸਦ ਸ਼ਹਿਰਾਂ ਵਿੱਚ ਜਨਤਕ ਥਾਵਾਂ ਦੀ ਬਿਹਤਰ ਵਰਤੋਂ, ਸਫ਼ਾਈ ਪ੍ਰਣਾਲੀ ਵਿੱਚ ਸੁਧਾਰ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ।
ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਕਾਰਵਾਈ ਲਈ ਪੁਲਿਸ ਵਿਭਾਗ, ਨਗਰ ਨਿਗਮਾਂ, ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਪਹਿਲਾਂ ਵਾਹਨਾਂ ਦੀ ਪਛਾਣ ਅਤੇ ਸੂਚੀ ਤਿਆਰ ਕਰਨਗੀਆਂ ਅਤੇ ਫਿਰ ਨਿਰਧਾਰਤ ਸਮੇਂ ਅੰਦਰ ਉਨ੍ਹਾਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰੀ ਕਰਨਗੀਆਂ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਅੰਦਰ ਪਏ ਇਹ ਵਾਹਨ ਅੱਗ ਲੱਗਣ ਦਾ ਖ਼ਤਰਾ ਬਣਦੇ ਹਨ, ਮੱਛਰਾਂ ਅਤੇ ਚੂਹਿਆਂ ਦੀ ਵਾਧੂ ਪੈਦਾਵਾਰ ਦਾ ਕਾਰਨ ਬਣਦੇ ਹਨ, ਟ੍ਰੈਫਿਕ ਵਿੱਚ ਰੁਕਾਵਟ ਪੈਦਾ ਕਰਦੇ ਹਨ ਅਤੇ ਸ਼ਹਿਰੀ ਸੁਹਜ ’ਤੇ ਨਕਾਰਾਤਮਕ ਅਸਰ ਪਾਂਦੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਪੁਲਿਸ ਥਾਣੇ ਜਨਤਕ ਸੇਵਾਵਾਂ ਲਈ ਹੁੰਦੇ ਹਨ, ਨਾ ਕਿ ਵਾਹਨਾਂ ਦੇ ਲੰਬੇ ਸਮੇਂ ਤੱਕ ਸਟੋਰ ਕਰਨ ਲਈ।
Get all latest content delivered to your email a few times a month.