ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 328 ਗ਼ਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰੂਪਾਂ ਦੀ ਭਾਲ ਲਈ ਸਰਕਾਰ ਨੂੰ ਮਜਬੂਰਨ ਐਸਆਈਟੀ (SIT) ਬਣਾਉਣੀ ਪਈ ਕਿਉਂਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਅਤੇ ਆਸਥਾ ਨਾਲ ਜੁੜਿਆ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਬੇਵਜ੍ਹਾ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਉਹ ਪਹਿਲਾਂ ਹੀ ਗੁਰੂ ਸਾਹਿਬ ਅੱਗੇ ਨਤਮਸਤਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਿਪਾਹੀ ਬਣ ਕੇ ਕੰਮ ਕਰ ਰਹੇ ਹਨ, ਜਦਕਿ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਵਜੋਂ ਪੰਥ ਦੀ ਸੇਵਾ ਕਰਨੀ ਚਾਹੀਦੀ ਸੀ।
ਸੀਐਮ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਐਸਜੀਪੀਸੀ ਦੀ ਸੀ, ਪਰ ਹੁਣ ਇਹ ਫਰਜ਼ ਸਰਕਾਰ ਨੂੰ ਨਿਭਾਉਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਮਹਾਨ ਲੇਖਕਾਂ ਅਤੇ ਇਤਿਹਾਸਕ ਸ਼ਖ਼ਸੀਅਤਾਂ—ਸ਼ਾਹ ਮੁਹੰਮਦ ਅਤੇ ਹਾਸ਼ਮ ਸ਼ਾਹ—ਦੇ ਪਿੰਡਾਂ ਵਿੱਚ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੁੜ ਸਕੇ।
ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਅਦੁੱਤੀ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ।
ਆਪਣੇ ਚਿਰ-ਪਰਚਿਤ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਦੀ ਦੇ ਮੌਸਮ ਦੌਰਾਨ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਜਾਂ ਘਟਾਉਣ ਸਬੰਧੀ ਮਾਪਿਆਂ ਦੇ ਲਗਾਤਾਰ ਫ਼ੋਨ ਆਉਂਦੇ ਰਹੇ, ਜਿਸ ਨਾਲ ਮਾਹੌਲ ਹਲਕਾ-ਫੁਲਕਾ ਬਣਿਆ ਰਿਹਾ।
Get all latest content delivered to your email a few times a month.