IMG-LOGO
ਹੋਮ ਪੰਜਾਬ: ਸੰਘਣੀ ਧੁੰਦ ਨੇ ਬਠਿੰਡਾ ਖੇਤਰ 'ਚ ਮਚਾਇਆ ਕਹਿਰ, ਪੀਆਰਟੀਸੀ ਦੀਆਂ...

ਸੰਘਣੀ ਧੁੰਦ ਨੇ ਬਠਿੰਡਾ ਖੇਤਰ 'ਚ ਮਚਾਇਆ ਕਹਿਰ, ਪੀਆਰਟੀਸੀ ਦੀਆਂ 4 ਬੱਸਾਂ ਸਮੇਤ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ

Admin User - Jan 18, 2026 03:04 PM
IMG

ਬਠਿੰਡਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਪੈ ਰਹੀ ਸੰਘਣੀ ਧੁੰਦ ਨੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਕਾਰਨ ਵੱਖ-ਵੱਖ ਥਾਵਾਂ ’ਤੇ ਵੱਡੇ ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਚਾਰ ਬੱਸਾਂ ਸਮੇਤ ਅੱਧੀ ਦਰਜਨ ਤੋਂ ਵੱਧ ਗੱਡੀਆਂ ਨੁਕਸਾਨੀਆਂ ਗਈਆਂ। ਹਾਦਸਿਆਂ ਦੌਰਾਨ ਕਈ ਲੋਕ ਜਖਮੀ ਹੋਏ, ਜਿਨ੍ਹਾਂ ਨੂੰ ਮੌੜ ਅਤੇ ਬਠਿੰਡਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ।

ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾ ਹਾਦਸਾ ਬਠਿੰਡਾ–ਰਾਮਪੁਰਾ ਸੜਕ ’ਤੇ ਭੁੱਚੋ ਕੈਂਚੀਆਂ ਨੇੜੇ ਵਾਪਰਿਆ। ਅਬੋਹਰ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਸਵਾਰੀਆਂ ਚੁੱਕਣ ਲਈ ਖੜੀ ਸੀ ਕਿ ਇਸੇ ਦੌਰਾਨ ਸਰਵਿਸ ਰੋਡ ’ਤੇ ਗਲਤ ਪਾਸੇ ਤੋਂ ਆ ਰਹੇ ਟਾਈਲਾਂ ਨਾਲ ਲੱਦੇ ਟਰੈਕਟਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਗੰਭੀਰ ਜਖਮੀ ਹੋ ਗਿਆ, ਜਦਕਿ ਬੱਸ ਵਿੱਚ ਸਵਾਰ ਕੁਝ ਯਾਤਰੀਆਂ ਨੂੰ ਵੀ ਸੱਟਾਂ ਆਈਆਂ।

ਇਸੇ ਤਰ੍ਹਾਂ ਬਠਿੰਡਾ–ਮਾਨਸਾ ਸੜਕ ’ਤੇ ਭਾਈ ਬਖਤੌਰ ਅਤੇ ਮਾਈਸਰਖਾਨਾ ਦਰਮਿਆਨ ਇੱਕ ਢਾਬੇ ਦੇ ਸਾਹਮਣੇ ਧੁੰਦ ਕਾਰਨ ਦੋ ਵੱਡੇ ਹਾਦਸੇ ਹੋਏ। ਜਾਣਕਾਰੀ ਅਨੁਸਾਰ ਮੌੜ ਵੱਲ ਜਾ ਰਹੀ ਇੱਕ ਪੀਆਰਟੀਸੀ ਬੱਸ ਅਤੇ ਸੜਕ ’ਤੇ ਚੜ੍ਹ ਰਹੇ ਟਰਾਲੇ ਵਿਚਕਾਰ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਪਿੱਛੋਂ ਆ ਰਹੀ ਟਰੈਕਟਰ-ਟਰਾਲੀ ਵੀ ਬੱਸ ਨਾਲ ਵੱਜ ਗਈ। ਹਾਲਾਤ ਇੱਥੇ ਹੀ ਨਹੀਂ ਰੁਕੇ, ਕੁਝ ਸਮੇਂ ਬਾਅਦ ਪਿੱਛੋਂ ਆ ਰਹੀ ਪੀਆਰਟੀਸੀ ਦੀ ਇੱਕ ਹੋਰ ਬੱਸ ਅਤੇ ਗੈਸ ਸਿਲਿੰਡਰਾਂ ਨਾਲ ਭਰੀ ਗੱਡੀ ਵੀ ਟਕਰਾ ਗਈ। ਇਸ ਲੜੀਵਾਰ ਹਾਦਸੇ ਵਿੱਚ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।

ਇਸ ਤੋਂ ਇਲਾਵਾ, ਇਸੇ ਸੜਕ ’ਤੇ ਪਿੰਡ ਕੋਟ ਫੱਤਾ ਨੇੜੇ ਧੁੰਦ ਕਾਰਨ ਇੱਕ ਇਨੋਵਾ ਕਾਰ ਪੀਆਰਟੀਸੀ ਦੀ ਬੱਸ ਨਾਲ ਟਕਰਾ ਗਈ, ਜਿਸ ਨਾਲ ਦੋਵੇਂ ਵਾਹਨਾਂ ਨੂੰ ਨੁਕਸਾਨ ਪਹੁੰਚਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹਾਦਸਿਆਂ ਦੀ ਮੁੱਖ ਵਜ੍ਹਾ ਸੰਘਣੀ ਧੁੰਦ ਰਹੀ, ਜਿਸ ਕਾਰਨ ਦਿੱਖ ਬਹੁਤ ਘੱਟ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਵਾਲੇ ਮੌਸਮ ਵਿੱਚ ਸਾਵਧਾਨੀ ਨਾਲ ਗੱਡੀ ਚਲਾਈ ਜਾਵੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.