ਤਾਜਾ ਖਬਰਾਂ
ਲੋਪੋਕੇ ਪਿੰਡ ਵਿੱਚ ਸਥਿਤ ਸਿਵਲ ਹਸਪਤਾਲ ਇੱਕ ਵੱਡੇ ਵਿਵਾਦ ਦੇ ਕੇਂਦਰ ਵਿੱਚ ਆ ਗਿਆ ਹੈ, ਜਿੱਥੇ ਇਲਾਜ ਲਈ ਦਾਖਲ ਕਰਵਾਏ ਗਏ 35 ਸਾਲਾ ਨੌਜਵਾਨ ਦੀ ਲਾਸ਼ ਹਸਪਤਾਲ ਕੈਂਪਸ ਅੰਦਰ ਪਾਣੀ ਦੀ ਟੈਂਕੀ ਨਾਲ ਫਾਹਾ ਲੱਗੀ ਹੋਈ ਮਿਲੀ। ਇਸ ਦਰਦਨਾਕ ਘਟਨਾ ਨੇ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਅਤੇ ਹਸਪਤਾਲ ਸਟਾਫ ’ਤੇ ਭਾਰੀ ਲਾਪਰਵਾਹੀ, ਅਣਮਨੁੱਖੀ ਵਰਤਾਓ ਅਤੇ ਆਤਮਹਤਿਆ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ।
ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ, ਵਾਸੀ ਪਿੰਡ ਚੁਗਾਵਾਂ ਵਜੋਂ ਹੋਈ ਹੈ। ਪਰਿਵਾਰਕ ਜਾਣਕਾਰੀ ਅਨੁਸਾਰ ਇਹ ਘਟਨਾ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਵਾਪਰੀ। ਵਿਨੋਦ ਨੂੰ ਸਵੇਰੇ ਕਰੀਬ 10 ਵਜੇ ਸਾਹ ਲੈਣ ਵਿੱਚ ਭਾਰੀ ਦਿੱਕਤ ਹੋਣ ਕਾਰਨ ਸਰਕਾਰੀ ਹਸਪਤਾਲ ਲੋਪੋਕੇ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਸੀ। ਦੋਸ਼ ਹੈ ਕਿ ਦੋ ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਸਦਾ ਢੰਗ ਨਾਲ ਇਲਾਜ ਕੀਤਾ ਗਿਆ ਅਤੇ ਨਾ ਹੀ ਉਸਨੂੰ ਅੰਮ੍ਰਿਤਸਰ ਦੇ ਕਿਸੇ ਵੱਡੇ ਹਸਪਤਾਲ ਲਈ ਰੈਫਰ ਕੀਤਾ ਗਿਆ।
ਵਿਨੋਦ ਦੇ ਵੱਡੇ ਭਰਾ ਪਰਵੀਨ ਕੁਮਾਰ ਨੇ ਦੱਸਿਆ ਕਿ ਦੁਪਹਿਰ ਕਰੀਬ 11.54 ਵਜੇ ਉਸਨੂੰ ਵਿਨੋਦ ਦਾ ਫੋਨ ਆਇਆ, ਜਿਸ ਦੌਰਾਨ ਉਹ ਰੋ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਕਾਫ਼ੀ ਸਮੇਂ ਤੋਂ ਐਮਰਜੈਂਸੀ ਵਿੱਚ ਪਿਆ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਪਰਵੀਨ ਦਾ ਦਾਅਵਾ ਹੈ ਕਿ ਫੋਨ ਕਾਲ ਦੌਰਾਨ ਹਸਪਤਾਲ ਸਟਾਫ ਵੱਲੋਂ ਬਦਸਲੂਕੀ, ਧਮਕੀਆਂ ਅਤੇ ਗਾਲੀ-ਗਲੋਚ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ।
ਪਰਿਵਾਰ ਦਾ ਕਹਿਣਾ ਹੈ ਕਿ ਵਿਨੋਦ ਨੂੰ ਬਿਨਾਂ ਦੇਖਭਾਲ ਦੇ ਛੱਡ ਦਿੱਤਾ ਗਿਆ, ਉਸਨੂੰ ਹਸਪਤਾਲ ਤੋਂ ਜਾਣ ਲਈ ਕਿਹਾ ਗਿਆ ਅਤੇ ਅਪਮਾਨਜਨਕ ਵਿਵਹਾਰ ਕੀਤਾ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬਿਲਕੁਲ ਟੁੱਟ ਗਿਆ। ਦਰਦ, ਬੇਬਸੀ ਅਤੇ ਨਿਰਾਸ਼ਾ ਵਿੱਚ ਡੁੱਬ ਕੇ ਵਿਨੋਦ ਨੇ ਹਸਪਤਾਲ ਕੈਂਪਸ ਅੰਦਰ ਪਾਣੀ ਦੀ ਟੈਂਕੀ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।
ਵਿਨੋਦ ਕੁਮਾਰ ਦਾ ਪੋਸਟਮਾਰਟਮ 14 ਜਨਵਰੀ ਨੂੰ ਕਰਵਾਇਆ ਗਿਆ, ਜਿਸ ਤੋਂ ਬਾਅਦ ਦੁਰਗਿਆਨਾ ਮੰਦਰ ਨੇੜੇ ਸਥਿਤ ਸ਼ਿਵ ਪੁਰੀ ਸ਼ਮਸ਼ਾਨ ਘਾਟ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਪਰਵੀਨ ਕੁਮਾਰ ਨੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਮੰਗ ਕੀਤੀ ਹੈ ਕਿ ਡਾਕਟਰਾਂ, ਹਸਪਤਾਲ ਸਟਾਫ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਆਤਮਹਤਿਆ ਲਈ ਉਕਸਾਉਣ, ਅਪਰਾਧਿਕ ਲਾਪਰਵਾਹੀ ਅਤੇ ਹੋਰ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਜਾਵੇ।
ਪਰਿਵਾਰ ਵੱਲੋਂ ਪੁਲਿਸ ਨੂੰ ਫੋਨ ਕਾਲ ਦੀਆਂ ਆਡੀਓ ਰਿਕਾਰਡਿੰਗਾਂ, ਲਾਸ਼ ਦੀ ਰਸੀਦ ਅਤੇ ਸ਼ਮਸ਼ਾਨ ਘਾਟ ਦੇ ਦਸਤਾਵੇਜ਼ ਵੀ ਸੌਂਪੇ ਗਏ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਤੱਥਾਂ ਦੀ ਪੜਤਾਲ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.