ਤਾਜਾ ਖਬਰਾਂ
ਪੰਜਾਬ ਵਿੱਚ ਸਰਦੀ ਨੇ ਆਪਣੇ ਤਿੱਖੇ ਰੂਪ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਮੌਸਮੀ ਅਪਡੇਟ ਅਨੁਸਾਰ ਸੂਬੇ ਵਿੱਚ ਅਗਲੇ ਕੁਝ ਦਿਨ ਬਹੁਤ ਚੁਣੌਤੀਪੂਰਨ ਰਹਿਣ ਵਾਲੇ ਹਨ। 18 ਜਨਵਰੀ ਤੋਂ 21 ਜਨਵਰੀ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਆਮ ਜਨਜੀਵਨ ‘ਤੇ ਅਸਰ ਪੈ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ 18 ਜਨਵਰੀ ਨੂੰ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਕਈ ਲੱਗਦੇ ਇਲਾਕਿਆਂ ਵਿੱਚ ਧੁੰਦ ਦਾ ਕਹਿਰ ਸਭ ਤੋਂ ਵੱਧ ਰਹੇਗਾ। ਕਈ ਥਾਵਾਂ ‘ਤੇ ਦ੍ਰਿਸ਼ਟਤਾ (ਵਿਜ਼ੀਬਿਲਟੀ) ਬਹੁਤ ਘੱਟ ਹੋ ਸਕਦੀ ਹੈ, ਜਿਸ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਵਿੱਚ ਰੁਕਾਵਟਾਂ ਆਉਣ ਦੀ ਸੰਭਾਵਨਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਮੌਸਮ ਭਾਵੇਂ ਜ਼ਿਆਦਾਤਰ ਖੁਸ਼ਕ ਰਹੇਗਾ, ਪਰ ਕੜਾਕੇ ਦੀ ਠੰਡ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸਦੇ ਨਾਲ ਹੀ 19 ਜਨਵਰੀ ਤੋਂ ਬਾਅਦ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੇ ਆਸਾਰ ਹਨ, ਜੋ ਤਾਪਮਾਨ ਵਿੱਚ ਹੋਰ ਕਮੀ ਦਾ ਕਾਰਨ ਬਣ ਸਕਦੀ ਹੈ।
ਤਾਪਮਾਨ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਵਾਰ ਦੀ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੱਕ ਤੋੜ ਦਿੱਤੇ ਹਨ। ਲਗਾਤਾਰ ਘੱਟ ਤਾਪਮਾਨ, ਧੁੰਦ ਅਤੇ ਸਿਆਲੀ ਹਵਾਵਾਂ ਕਾਰਨ ਸਕੂਲਾਂ, ਦਫ਼ਤਰਾਂ ਅਤੇ ਆਵਾਜਾਈ ਪ੍ਰਣਾਲੀ ‘ਤੇ ਵੀ ਅਸਰ ਪੈ ਰਿਹਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਵਾਹਨ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
Get all latest content delivered to your email a few times a month.