ਤਾਜਾ ਖਬਰਾਂ
ਚੰਡੀਗੜ੍ਹ, 17 ਜਨਵਰੀ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪੰਜਾਬ ਵਿੱਚ ਹੜ੍ਹ ਪ੍ਰਭਾਵਿਤਾਂ ਦੇ ਮੁਆਵਜ਼ੇ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਪਲਟਵਾਰ ਕੀਤਾ ਹੈ। ਪੰਨੂ ਨੇ ਸੈਣੀ ਦੇ ਦੋਸ਼ਾਂ ਨੂੰ 'ਝੂਠ ਦਾ ਪੁਲੰਦਾ' ਕਰਾਰ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਬਜਾਏ ਕੇਂਦਰ ਸਰਕਾਰ ਤੋਂ ਪੰਜਾਬ ਦੇ ਬਕਾਏ ਦਾ ਹਿਸਾਬ ਮੰਗਣਾ ਚਾਹੀਦਾ ਹੈ।
ਪੰਨੂ ਨੇ ਕਿਹਾ ਕਿ ਸੈਣੀ ਸਾਹਿਬ ਤੁਸੀਂ ਖੁਦ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਪਰ ਹਰਿਆਣਾ ਨਾਲੋਂ ਜ਼ਿਆਦਾ ਪੰਜਾਬ ਦੇ ਦੌਰਿਆਂ 'ਤੇ ਰਹਿੰਦੇ ਹੋ। ਚੰਗਾ ਹੁੰਦਾ ਜੇਕਰ ਬਿਆਨਬਾਜ਼ੀ ਤੋਂ ਪਹਿਲਾਂ ਤੁਸੀਂ ਜ਼ਮੀਨੀ ਪੱਧਰ 'ਤੇ ਜਾ ਕੇ ਪਤਾ ਕਰਦੇ। ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇੱਕ-ਇੱਕ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਹੈ। ਚਾਹੇ ਉਹ ਟੁੱਟੇ ਹੋਏ ਘਰ ਹੋਣ, ਮਾਰੇ ਗਏ ਪਸ਼ੂ ਹੋਣ ਜਾਂ ਕਿਸੇ ਪਰਿਵਾਰ ਵਿੱਚ ਹੋਈ ਦੁਖਦਾਈ ਮੌਤ, ਪੰਜਾਬ ਸਰਕਾਰ ਨੇ ਹਰ ਪੀੜਤ ਦਾ ਹੱਥ ਫੜਿਆ ਹੈ।
ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਪੰਨੂ ਨੇ ਸਵਾਲ ਕੀਤਾ ਕਿ ਪੰਜਾਬ ਦੌਰੇ ਸਮੇਂ ਪ੍ਰਧਾਨ ਮੰਤਰੀ ਨੇ ਹੜ੍ਹ ਰਾਹਤ ਲਈ ਜਿਸ 1600 ਕਰੋੜ ਰੁਪਏ ਦੀ 'ਟੋਕਨ ਮਨੀ' ਦਾ ਐਲਾਨ ਕੀਤਾ ਸੀ, ਉਹ ਕਿੱਥੇ ਹੈ? ਜਦੋਂ ਕੇਂਦਰ ਨੇ ਟੋਕਨ ਦੇ ਪੈਸੇ ਹੀ ਨਹੀਂ ਭੇਜੇ, ਤਾਂ ਬਾਕੀ ਮਦਦ ਦੀ ਉਮੀਦ ਕੀ ਕੀਤੀ ਜਾਵੇ? ਕੇਂਦਰ ਦਾ ਪੰਜਾਬ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਬੇਨਕਾਬ ਹੋ ਚੁੱਕਾ ਹੈ।
ਪੰਨੂ ਨੇ ਕਿਹਾ ਕਿ ਜੇਕਰ ਸੈਣੀ ਸਾਹਿਬ ਨੇ ਪ੍ਰੈੱਸ ਕਾਨਫਰੰਸ ਹੀ ਕਰਨੀ ਹੈ, ਤਾਂ ਬੰਦ ਕਮਰਿਆਂ ਦੀ ਬਜਾਏ ਹੜ੍ਹ ਪ੍ਰਭਾਵਿਤ ਲੋਕਾਂ ਦੇ ਵਿਚਕਾਰ ਜਾ ਕੇ ਕਰਨ। ਉੱਥੋਂ ਦੀ ਜਨਤਾ ਤੁਹਾਨੂੰ ਦੱਸੇਗੀ ਕਿ ਮੁਸ਼ਕਲ ਸਮੇਂ ਵਿੱਚ ਕਿਸ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਆਪਣੀ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦੀ 'ਜਿਸਦਾ ਖੇਤ, ਉਸਦੀ ਰੇਤ' ਪਾਲਿਸੀ ਦੀ ਤਾਰੀਫ ਹੋਈ ਹੈ, ਜੋ ਕਿਸਾਨਾਂ ਦੇ ਹਿੱਤ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ।
ਪੰਨੂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੇ ਹਮੇਸ਼ਾ ਆਪਣੇ ਦਮ 'ਤੇ ਮੁਸੀਬਤ ਦਾ ਸਾਹਮਣਾ ਕੀਤਾ ਹੈ। ਪੰਜਾਬ ਸਰਕਾਰ ਹਰ ਪੰਜਾਬੀ ਦੇ ਮਾੜੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਪੰਜਾਬ ਨੂੰ ਮਦਦ ਜਾਂ ਨਸੀਹਤ ਲਈ ਤੁਹਾਡੇ ਵਰਗੇ ਆਗੂਆਂ ਦੀ ਲੋੜ ਨਹੀਂ ਹੈ। 'ਆਪ' ਆਗੂ ਨੇ ਕਿਹਾ ਕਿ ਸੈਣੀ ਸਾਹਿਬ ਤੁਹਾਨੂੰ ਆਪਣੀ ਊਰਜਾ ਹਰਿਆਣਾ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਕੇਂਦਰ ਤੋਂ ਪੰਜਾਬ ਦਾ ਬਕਾਇਆ ਦਿਵਾਉਣ ਵਿੱਚ ਲਗਾਉਣੀ ਚਾਹੀਦੀ ਹੈ, ਨਾ ਕਿ ਗੁੰਮਰਾਹਕੁੰਨ ਬਿਆਨਬਾਜ਼ੀ ਵਿੱਚ।
Get all latest content delivered to your email a few times a month.