ਤਾਜਾ ਖਬਰਾਂ
ਰੋਪੜ ਦੀ ਤਹਿਸੀਲ ਵਿੱਚ ਜ਼ਮੀਨਾਂ ਦੀ ਮਾਲਕੀ ਨਾਲ ਜੁੜੇ ਵੱਡੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭੂ-ਮਾਫ਼ੀਆ ਜਾਲੀ ਦਸਤਾਵੇਜ਼ ਤਿਆਰ ਕਰਕੇ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਆਪਣਾ ਕਰ ਰਹੇ ਹਨ। ਸ਼ਿਕਾਇਤਾਂ ਅਤੇ ਜਾਂਚਾਂ ਦੇ ਬਾਵਜੂਦ ਵੀ ਕਈ ਮਾਮਲਿਆਂ ‘ਚ ਅਜੇ ਤੱਕ ਸਖ਼ਤ ਕਾਰਵਾਈ ਨਹੀਂ ਹੋਈ, ਜਿਸ ਕਾਰਨ ਲੋਕਾਂ ਦਾ ਪ੍ਰਸ਼ਾਸਨ ਅਤੇ ਸਰਕਾਰ ‘ਤੇ ਭਰੋਸਾ ਹਿਲਦਾ ਜਾ ਰਿਹਾ ਹੈ।
ਸਭ ਤੋਂ ਗੰਭੀਰ ਘਟਨਾ ਪਿੰਡ ਭਰਤਗੜ–ਬੇਲੀ ਵਿੱਚ ਦਰਜ ਹੋਈ, ਜਿੱਥੇ ਜਿਉਂਦਾ ਕਿਸਾਨ ਮੇਵਾ ਸਿੰਘ ਦੀ ਮੌਤ ਸਰਟੀਫਿਕੇਟ ਬਣਾਕੇ ਉਸ ਦੀ 19 ਕਨਾਲ 15 ਮਰਲੇ ਜ਼ਮੀਨ ਕਿਸੇ ਹੋਰ ਦੇ ਨਾਮ ਕਰਵਾਈ ਗਈ। ਪਹਿਲਾਂ ਦਰਜ ਕੀਤੇ ਗਏ ਵਰਾਸਤ ਇੰਤਕਾਲ ਨੂੰ ਰੱਦ ਹੋਣ ਦੇ ਬਾਵਜੂਦ, ਦੂਜਾ ਇੰਤਕਾਲ ਨੰਬਰ 1914 ਮਨਜ਼ੂਰ ਕਰਵਾ ਕੇ ਬਾਅਦ ਵਿੱਚ ਇਹ ਜ਼ਮੀਨ ਤੀਜੇ ਵਿਅਕਤੀ ਨੂੰ ਵੇਚ ਦਿੱਤੀ ਗਈ।
ਇਸੇ ਤਰ੍ਹਾਂ, ਪਿੰਡ ਖਾਲਿਦਪੁਰ ਵਿੱਚ ਗਲਤ ਮੁਖਤਿਆਰਨਾਮੇ ਦੇ ਆਧਾਰ ‘ਤੇ 15 ਕਨਾਲ 15 ਮਰਲੇ ਜ਼ਮੀਨ ਵਿਕਰੀ ਕੀਤੀ ਗਈ, ਜਦਕਿ ਮੁਖਤਿਆਰਨਾਮੇ ਵਿੱਚ ਇਸ ਜ਼ਮੀਨ ਨੂੰ ਵੇਚਣ ਦਾ ਕੋਈ ਅਧਿਕਾਰ ਹੀ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਗਹਿਰਾ ਗੁੱਸਾ ਹੈ।
ਇਸੇ ਤਰ੍ਹਾਂ ਪਿੰਡ ਬਰਦਾਰ ਵਿੱਚ ਵੀ ਬਿਨਾਂ ਕਿਸੇ ਦੀ ਜਾਣਕਾਰੀ ਦੇ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਦੋਸ਼ ਲੱਗੇ ਹਨ।
ਕਈ ਘਟਨਾਵਾਂ ਵਿੱਚ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਹਨ, ਪਰ ਬਹੁਤ ਸਾਰੇ ਗੰਭੀਰ ਮਾਮਲਿਆਂ ਵਿੱਚ ਐਸਡੀਐਮ ਦੀ ਜਾਂਚ ਰਿਪੋਰਟ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਗੱਲ ਨੇ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ਼ ਨਾਰਾਜ਼ਗੀ ਪੈਦਾ ਕੀਤੀ ਹੈ।
ਕਾਂਗਰਸ ਦੇ ਸਥਾਨਕ ਆਗੂਆਂ ਨੇ ਭੂ-ਮਾਫ਼ੀਆਂ ਅਤੇ ਸੱਤਾਧਾਰੀ ਧਿਰ ਦੇ ਅਹੁਦੇਦਾਰਾਂ ਦੀ ਮਿਲੀਭੁਗਤ ਦਾ ਦੋਸ਼ ਲਗਾਇਆ ਹੈ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਤਹਿਸੀਲਦਾਰ ਹਰਸਿਮਰਨ ਸਿੰਘ ਨੇ ਕਿਹਾ ਕਿ ਧੋਖਾਧੜੀ ਦੀ ਜਾਂਚ ਕਰਕੇ ਪੁਲਿਸ ਨੂੰ ਰਿਪੋਰਟ ਭੇਜੀ ਗਈ ਹੈ ਅਤੇ ਭੂ-ਮਾਫ਼ੀਆਂ ਦੀ ਸਰਗਰਮੀ ਨੂੰ ਵੀ ਸਵੀਕਾਰਿਆ ਹੈ। ਥਾਣਾ ਸਦਰ ਰੋਪੜ ਨੇ ਵੀ ਜਾਲੀ ਕਾਗਜ਼ਾਂ ਦੇ ਆਧਾਰ ‘ਤੇ ਰਜਿਸਟਰੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.