IMG-LOGO
ਹੋਮ ਪੰਜਾਬ: ਪੰਜਾਬ ਨੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਉਣ ਲਈ ਪੋਟਾਸ਼ ਦੇ...

ਪੰਜਾਬ ਨੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਉਣ ਲਈ ਪੋਟਾਸ਼ ਦੇ ਖੋਜ ਕਾਰਜਾਂ 'ਚ ਲਿਆਂਦੀ ਤੇਜ਼ੀ

Admin User - Jan 17, 2026 06:42 PM
IMG

ਚੰਡੀਗੜ੍ਹ, 17 ਜਨਵਰੀ:

ਪੰਜਾਬ ਵਿੱਚ ਧਰਤੀ ਹੇਠੋਂ ਪੋਟਾਸ਼ ਦੀ ਖੋਜ ਕਰਨ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਦੀ ਪੋਟਾਸ਼ ਦਰਾਮਦ ’ਤੇ ਭਾਰੀ ਨਿਰਭਰਤਾ ਨੂੰ ਘਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਖੇਤੀਬਾੜੀ ਲਈ ਲਾਹੇਵੰਦ ਘਰੇਲੂ ਖਣਿਜ ਸਰੋਤਾਂ ਨੂੰ ਮਜ਼ਬੂਤ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। 

ਇਸ ਲੜੀ ਤਹਿਤ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕਰਕੇ ਪੰਜਾਬ ਵਿੱਚ ਪੋਟਾਸ਼ ਭੰਡਾਰ ਵਾਲੇ ਮੁੱਖ ਸੰਭਾਵੀ ਖੇਤਰਾਂ ਵਿੱਚ ਖੋਜ ਲਈ ਸਮਾਂ-ਸੀਮਾਵਾਂ ਨਿਰਧਾਰਤ ਕਰਨ ਸਣੇ ਇਸ ਸਬੰਧੀ ਚਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਭਵਿੱਖੀ ਤਰਜੀਹਾਂ ਤੈਅ ਕੀਤੀਆਂ ਗਈਆਂ। ਮੀਟਿੰਗ ਵਿੱਚ ਭਾਰਤੀ ਭੂ-ਵਿਗਿਆਨ ਸਰਵੇਖਣ (ਜੀ.ਐਸ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ (ਪੰਜਾਬ, ਹਿਮਾਚਲ ਅਤੇ ਹਰਿਆਣਾ) ਮੈਡਮ ਸ਼੍ਰੀਮਤੀ ਗੁਪਤਾ, ਡਾਇਰੈਕਟਰ ਸ੍ਰੀਮਤੀ ਸੁਸ਼੍ਰੀ ਮਿਸ਼ਰਾ ਅਤੇ ਸ੍ਰੀਮਤੀ ਅਪਰਾਜੀਤਾ ਭੱਟਾਚਾਰਜੀ ਅਤੇ ਖਣਨ ਅਤੇ ਭੂ-ਵਿਗਿਆਨ ਵਿਭਾਗ ਪੰਜਾਬ ਤੋਂ ਮੁੱਖ ਇੰਜੀਨੀਅਰ ਸ. ਹਰਦੀਪ ਸਿੰਘ ਮੈਂਦੀਰੱਤਾ ਅਤੇ ਸਹਾਇਕ ਭੂ-ਵਿਗਿਆਨੀ ਸ੍ਰੀ ਪਾਰਸ ਮਹਾਜਨ ਸ਼ਾਮਲ ਹੋਏ।

ਮੀਟਿੰਗ ਵਿੱਚ ਫੀਲਡ ਸੀਜ਼ਨ 2025-26 ਦੌਰਾਨ ਮੁਕੰਮਲ ਹੋਏ ਖੋਜ ਬਲਾਕਾਂ ਦੀ ਸਥਿਤੀ ਅਤੇ ਚਲ ਰਹੀਆਂ ਡ੍ਰਿਲਿੰਗ ਗਤੀਵਿਧੀਆਂ ਦੀ ਸਮੀਖਿਆ ਕਰਨ ਸਣੇ ਫੀਲਡ ਸੀਜ਼ਨ 2026-27 ਲਈ ਪ੍ਰਸਤਾਵਿਤ ਖੋਜ ਅਤੇ ਸ਼ੁਰੂਆਤੀ ਖੋਜ ਪ੍ਰੋਗਰਾਮਾਂ ਦਾ ਖਾਕਾ ਉਲੀਕਿਆ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪੋਟਾਸ਼ ਦੀ ਵੱਡੀ ਸੰਭਾਵਨਾ ਵਜੋਂ ਪਛਾਣੇ ਗਏ ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿੱਥੇ ਪੋਟਾਸ਼ ਦੀਆਂ ਵੱਡੀਆਂ ਸੰਭਾਵਨਾਵਾਂ ਦੀ ਪਛਾਣ ਕੀਤੀ ਗਈ ਹੈ।


ਮੰਤਰੀ ਨੂੰ ਜਾਣਕਾਰੀ ਦਿੰਦਿਆਂ ਜੀ.ਐਸ.ਆਈ. ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕਬਰਵਾਲਾ ਬਲਾਕ ਅਤੇ ਸ਼ੇਰਗੜ੍ਹ-ਦਲਮੀਰਖੇੜਾ ਬਲਾਕ ਵਿੱਚ ਜੀ-4 ਪੜਾਅ ਦੀ ਖੋਜ ਪੂਰੀ ਹੋ ਚੁੱਕੀ ਹੈ ਅਤੇ ਇਸ ਸਬੰਧੀ  ਭੂ-ਵਿਗਿਆਨਕ ਮੈਮੋਰੰਡਮ ਰਾਜ ਸਰਕਾਰ ਨੂੰ ਸੌਂਪੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੀ ਸਹਿਮਤੀ ਤੋਂ ਬਾਅਦ ਸ਼ੇਰਗੜ੍ਹ-ਸ਼ੇਰਾਵਾਲਾ-ਰਾਮਸਰਾ-ਦਲਮੀਰਖੇੜਾ ਦਾ ਸਾਂਝਾ ਬਲਾਕ ਖਣਨ ਮੰਤਰਾਲੇ ਵੱਲੋਂ ਛੇਵੇਂ ਪੜਾਅ ਵਿੱਚ ਕੰਪੋਜ਼ਿਟ ਲਾਇਸੈਂਸ ਦੀ ਨਿਲਾਮੀ ਲਈ ਰੱਖਿਆ ਗਿਆ ਹੈ ਜਿਸਦੇ ਨਤੀਜਿਆਂ ਦੀ ਹਾਲੇ ਉਡੀਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜਪੁਰਾ-ਰਾਜਾਵਾਲੀ ਬਲਾਕ ਅਤੇ ਗਿੱਦੜਾਂਵਾਲੀ-ਅਜ਼ੀਮਗੜ੍ਹ ਬਲਾਕ ਵਿੱਚ ਛੇ ਥਾਵਾਂ ’ਤੇ ਡ੍ਰਿਲਿੰਗ ਚੱਲ ਰਹੀ ਹੈ, ਜਿਨ੍ਹਾਂ ਵਿੱਚੋਂ ਪੰਜ ਥਾਵਾਂ ’ਤੇ ਕੰਮ ਪੂਰਾ ਹੋ ਗਿਆ ਹੈ ਅਤੇ ਰਸਾਇਣਕ ਵਿਸ਼ਲੇਸ਼ਣ ਤੋਂ ਬਾਅਦ ਅੰਤਿਮ ਰਿਪੋਰਟਾਂ ਅਪ੍ਰੈਲ ਤੱਕ ਆਉਣ ਦੀ ਉਮੀਦ ਹੈ।


ਆਗਾਮੀ ਫੀਲਡ ਸੀਜ਼ਨ 2026-27 ਲਈ ਜੀ.ਐਸ.ਆਈ. ਨੇ ਫਾਜ਼ਿਲਕਾ ਜ਼ਿਲ੍ਹੇ ਦੇ ਕੇਰਾ-ਖੇੜਾ ਬਲਾਕ ਅਤੇ ਸਈਅਦਵਾਲਾ ਬਲਾਕ ਵਿੱਚ ਪ੍ਰਸਤਾਵਿਤ ਖੋਜ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਸ਼ੁਰੂਆਤੀ ਖੋਜਾਂ ਦੀ ਤਜਵੀਜ਼ ਰੱਖੀ ਹੈ, ਜਿਸ ਵਿੱਚ ਪੰਦਰਾਂ ਡ੍ਰਿਲਿੰਗ ਸਾਈਟਾਂ ਸ਼ਾਮਲ ਹਨ।


ਪੂਰੇ ਬੇਸਿਨ ਨੂੰ ਕਵਰ ਕਰਨ ਬਾਰੇ ਜੀ.ਐਸ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਪੂਰੇ ਖਣਿਜ ਭੰਡਾਰ ਦਾ ਭੂ-ਭੌਤਿਕ ਤਰੀਕਿਆਂ ਨਾਲ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਵਿਸਤ੍ਰਿਤ ਖੋਜ ਲਈ ਲਗਭਗ ਪੰਜਾਹ ਵਰਗ ਕਿਲੋਮੀਟਰ ਦੇ ਖੇਤਰ ਦੀ ਪਹਿਲਾਂ ਹੀ ਪਛਾਣ ਕੀਤੀ ਗਈ ਹੈ। ਇਸ ਸਬੰਧੀ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ ਵੱਲੋਂ ਮੰਤਰਾਲੇ ਨੂੰ ਪ੍ਰਾਜੈਕਟ ਪੇਸ਼ ਕੀਤਾ ਜਾਵੇਗਾ।


ਇਨ੍ਹਾਂ ਨਿਰੰਤਰ ਅਤੇ ਵਿਗਿਆਨਕ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫੀਲਡ ਸੀਜ਼ਨ 2025-26 ਦੌਰਾਨ ਚੱਲ ਰਹੇ ਡ੍ਰਿਲਿੰਗ ਅਤੇ ਮੈਪਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸਾਲ 2026-27 ਲਈ ਪ੍ਰਸਤਾਵਿਤ ਬਲਾਕਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਖਣਨ ਅਤੇ ਭੂ-ਵਿਗਿਆਨ ਵਿਭਾਗ ਪੰਜਾਬ ਅਤੇ ਜੀ.ਐਸ.ਆਈ. ਦਰਮਿਆਨ ਮਹੀਨਾਵਾਰ ਸਮੀਖਿਆ ਮੀਟਿੰਗਾਂ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਖਣਨ ਲਈ ਭਵਿੱਖੀ ਸੰਭਾਵਨਾ ਬਾਰੇ ਅਧਿਐਨਾਂ ਦੀ ਯੋਜਨਾ ਉਲੀਕਣ ਦੇ ਨਾਲ-ਨਾਲ ਹੋਰ ਬਲਾਕਾਂ ਦੀ ਨੇੜਿਓਂ ਨਿਗਰਾਨੀ ਅਤੇ ਇਨ੍ਹਾਂ ਨੂੰ ਸਮੇਂ ਸਿਰ ਸੌਂਪਣਾ ਯਕੀਨੀ ਬਣਾਇਆ ਜਾ ਸਕੇ।


ਕੈਬਨਿਟ ਮੰਤਰੀ ਨੇ ਵਡੇਰੇ ਲੋਕ ਹਿੱਤ ਦਾ ਜ਼ਿਕਰ ਕਰਦਿਆਂ ਕਿਹਾ, “ਪੋਟਾਸ਼ ਖੇਤੀਬਾੜੀ ਲਈ ਇੱਕ ਅਹਿਮ ਖਣਿਜ ਹੈ ਅਤੇ ਭਾਰਤ ਆਪਣੀ ਜ਼ਰੂਰਤ ਦਾ ਲਗਭਗ 99 ਫ਼ੀਸਦੀ ਪੋਟਾਸ਼ ਦਰਾਮਦ ਕਰਦਾ ਹੈ। ਪੰਜਾਬ ਵਿੱਚ ਪੋਟਾਸ਼ ਦੀ ਖੋਜ ਅਤੇ ਭਵਿੱਖ ਵਿੱਚ ਉਤਪਾਦਨ ਸਬੰਧੀ ਸਫ਼ਲਤਾ ਦਾ ਸਿੱਧਾ ਲਾਭ ਸਾਡੇ ਕਿਸਾਨਾਂ ਨੂੰ ਹੋਵੇਗਾ, ਰਾਸ਼ਟਰੀ ਖ਼ੁਰਾਕ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ ਅਤੇ ਸੂਬੇ ਤੇ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।"


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਗਿਆਨਕ ਢੰਗ ਨਾਲ ਕੀਤੇ ਹਰੇਕ ਯਤਨ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਦੇਸ਼ ਨੂੰ ਇਸ ਅਹਿਮ ਖਣਿਜ ਵਿੱਚ ਸਵੈ-ਨਿਰਭਰਤਾ ਵੱਲ ਲਿਜਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.