ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਵਿਰੁੱਧ ਕੜੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀਆਂ ਕਥਿਤ ਟਿੱਪਣੀਆਂ ਨਾ ਸਿਰਫ਼ ਅਪਮਾਨਜਨਕ ਹਨ, ਸਗੋਂ ਇਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।
ਸੁਖਬੀਰ ਬਾਦਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਇੱਕ ਜਨਤਕ ਪ੍ਰਤੀਨਿਧੀ ਵਜੋਂ ਆਤਿਸ਼ੀ ਦਾ ਇਹ ਆਚਰਣ ਵਿਧਾਨਕ ਮਰਿਆਦਾਵਾਂ ਅਤੇ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਅਨੁਸਾਰ, ਜੋ ਵਿਅਕਤੀ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਵਿਸ਼ਵਾਸਾਂ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕਰਦਾ ਹੈ, ਉਹ ਵਿਧਾਇਕ ਦੇ ਅਹੁਦੇ ’ਤੇ ਬਣੇ ਰਹਿਣ ਦੀ ਨੈਤਿਕ ਤੇ ਸੰਵਿਧਾਨਕ ਯੋਗਤਾ ਗੁਆ ਦਿੰਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਆਤਿਸ਼ੀ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 295A ਅਤੇ 153A ਤਹਿਤ ਐਫਆਈਆਰ ਦਰਜ ਕੀਤੀ ਜਾਵੇ, ਕਿਉਂਕਿ ਇਹ ਬਿਆਨ ਧਾਰਮਿਕ ਭਾਵਨਾਵਾਂ ਨੂੰ ਜਾਨਬੂਝ ਕੇ ਭੜਕਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀਆਂ ਟਿੱਪਣੀਆਂ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਏਕਤਾ ਲਈ ਗੰਭੀਰ ਨੁਕਸਾਨਦਾਇਕ ਹੋ ਸਕਦੀਆਂ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਰਾਜਨੀਤਿਕ ਨਹੀਂ, ਸਗੋਂ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਹੋਇਆ ਹੈ ਅਤੇ ਦੁਨੀਆ ਭਰ ਦੇ ਸਿੱਖ ਇਸ ਉੱਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਧਾਰਮਿਕ ਸੰਸਥਾਵਾਂ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਡੂੰਘੀ ਚਿੰਤਾ ਹੈ।
ਅੰਤ ਵਿੱਚ, ਉਨ੍ਹਾਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਨਿਆਂਸੰਗਤ ਅਤੇ ਮਿਸਾਲ ਕਾਇਮ ਕਰਨ ਵਾਲਾ ਫ਼ੈਸਲਾ ਲੈਣ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਧਰਮ ਜਾਂ ਘੱਟ ਗਿਣਤੀ ਭਾਈਚਾਰੇ ਪ੍ਰਤੀ ਅਸੱਤਿਕਾਰ ਨੂੰ ਬਰਦਾਸ਼ਤ ਨਾ ਕੀਤਾ ਜਾਵੇ ਅਤੇ ਦੇਸ਼ ਦੀ ਧਾਰਮਿਕ ਸਹਿਣਸ਼ੀਲਤਾ ਕਾਇਮ ਰਹੇ।
Get all latest content delivered to your email a few times a month.