ਤਾਜਾ ਖਬਰਾਂ
ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਸੈਲਾਨੀ ਥਾਂ ਸੇਲਾ ਝੀਲ ‘ਤੇ ਸ਼ੁੱਕਰਵਾਰ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਕੇਰਲ ਤੋਂ ਆਏ ਸੱਤ ਸੈਲਾਨੀਆਂ ਦਾ ਇੱਕ ਸਮੂਹ ਜਦੋਂ ਬਰਫ਼ ਨਾਲ ਜੰਮੀ ਝੀਲ ਦੀ ਸਤ੍ਹਾ ‘ਤੇ ਟਹਿਲ ਰਿਹਾ ਸੀ, ਤਾਂ ਅਚਾਨਕ ਬਰਫ਼ ਟੁੱਟ ਗਈ ਅਤੇ ਤਿੰਨ ਨੌਜਵਾਨ ਬਰਫੀਲੇ ਪਾਣੀ ਵਿੱਚ ਡਿੱਗ ਪਏ।
ਤਵਾਂਗ ਦੇ ਪੁਲਿਸ ਸੁਪਰਡੈਂਟ ਡੀ.ਡਬਲਯੂ. ਥੁੰਗਨ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 2:30 ਤੋਂ 3:00 ਵਜੇ ਦੇ ਦਰਮਿਆਨ ਵਾਪਰੀ। ਬਰਫ਼ ਦੀ ਸਤ੍ਹਾ ਕਾਫ਼ੀ ਕਮਜ਼ੋਰ ਸੀ, ਜਿਸ ਕਾਰਨ ਤਿੰਨ ਸੈਲਾਨੀ ਸੰਤੁਲਨ ਗੁਆ ਕੇ ਝੀਲ ਵਿੱਚ ਸਮਾ ਗਏ। ਹਾਲਾਂਕਿ ਇੱਕ ਵਿਅਕਤੀ ਨੂੰ ਤੁਰੰਤ ਬਚਾ ਲਿਆ ਗਿਆ, ਪਰ ਦੋ ਹੋਰ ਗਹਿਰੇ ਪਾਣੀ ਵਿੱਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਭਾਰਤੀ ਫੌਜ, ਸਸ਼ਤਰ ਸੀਮਾ ਬਲ (SSB), ਐਨਡੀਆਰਐਫ਼ ਅਤੇ ਸਥਾਨਕ ਪੁਲਿਸ ਨੇ ਮਿਲ ਕੇ ਵੱਡਾ ਬਚਾਅ ਅਭਿਆਨ ਚਲਾਇਆ। ਬਾਅਦ ਵਿੱਚ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ, ਜੋ ਬਰਫ਼ ਨਾਲ ਜੰਮੀਆਂ ਹੋਈਆਂ ਸਨ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਕੇਰਲ ਦੇ ਕੋਲਮ ਜ਼ਿਲ੍ਹੇ ਦੇ ਰਹਿਣ ਵਾਲੇ ਬੀਨੂ ਪ੍ਰਕਾਸ਼ (ਉਮਰ 26 ਸਾਲ), ਜਿਸਨੂੰ ਦਿਨੂ ਵੀ ਕਿਹਾ ਜਾਂਦਾ ਸੀ, ਵਜੋਂ ਹੋਈ ਹੈ, ਜਦਕਿ ਦੂਜੇ ਦੀ ਪਛਾਣ ਮਹਾਵੀਰ ਨਾਂਅ ਦੇ ਨੌਜਵਾਨ ਵਜੋਂ ਦੱਸੀ ਗਈ ਹੈ।
ਇਸ ਦਰਦਨਾਕ ਘਟਨਾ ਦੀ ਇੱਕ ਡਰਾਉਣੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਨੌਜਵਾਨ ਬਰਫੀਲੇ ਪਾਣੀ ਵਿੱਚ ਡਿੱਗਣ ਤੋਂ ਬਾਅਦ ਮਦਦ ਲਈ ਚੀਕਦੇ ਅਤੇ ਜਾਨ ਬਚਾਉਣ ਲਈ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ, ਜਦਕਿ ਹੋਰ ਸੈਲਾਨੀ ਕੰਢੇ ਖੜ੍ਹੇ ਇਹ ਭਿਆਨਕ ਮੰਜ਼ਰ ਦੇਖਦੇ ਰਹੇ।
ਇਸ ਹਾਦਸੇ ਨੇ ਇੱਕ ਵਾਰ ਫਿਰ ਬਰਫ਼ੀਲੇ ਖੇਤਰਾਂ ਵਿੱਚ ਸੈਰ-ਸਪਾਟੇ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਵੱਲ ਧਿਆਨ ਖਿੱਚਿਆ ਹੈ।
Get all latest content delivered to your email a few times a month.