IMG-LOGO
ਹੋਮ ਪੰਜਾਬ: CGC ਯੂਨੀਵਰਸਿਟੀ ਮੁਹਾਲੀ ‘ਚ ‘ਭਾਰਤ ਏਆਈ’ ਪ੍ਰੀ-ਸਮਿੱਟ ਦਾ ਆਯੋਜਨ

CGC ਯੂਨੀਵਰਸਿਟੀ ਮੁਹਾਲੀ ‘ਚ ‘ਭਾਰਤ ਏਆਈ’ ਪ੍ਰੀ-ਸਮਿੱਟ ਦਾ ਆਯੋਜਨ

Admin User - Jan 17, 2026 05:58 PM
IMG

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਭਾਰਤ ਏ ਆਈ: ਸਮਾਵੇਸ਼ੀ, ਜ਼ਿੰਮੇਵਾਰ ਅਤੇ ਪ੍ਰਭਾਵ-ਕੇਂਦਰਿਤ ਆਰਟੀਫੀਸ਼ਲ ਇੰਟੈਲੀਜੈਂਸ’ ਵਿਸ਼ੇ ‘ਤੇ ਇੱਕ ਮਹੱਤਵਪੂਰਣ ਪ੍ਰੀ-ਸਮਿੱਟ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਆਉਣ ਵਾਲੇ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਤੋਂ ਪਹਿਲਾਂ ਇੱਕ ਅਧਿਕਾਰਿਕ ਪ੍ਰੀ-ਸਮਿੱਟ ਸੀ, ਜੋ ਰਾਸ਼ਟਰੀ ਸਟਾਰਟਅਪ ਡੇ ਦੇ ਮੌਕੇ ‘ਤੇ ਕਰਵਾਇਆ ਗਿਆ। ਇਸ ਸਮਾਗਮ ਨੂੰ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (MeitY) ਵੱਲੋਂ ਮਾਨਤਾ ਪ੍ਰਾਪਤ ਸੀ।

ਸਮਿੱਟ ਦੌਰਾਨ ਏਆਈ ਨਾਲ ਜੁੜੇ ਵੱਖ-ਵੱਖ ਅਹਿਮ ਵਿਸ਼ਿਆਂ ‘ਤੇ ਮੁੱਖ ਭਾਸ਼ਣ, ਪੈਨਲ ਚਰਚਾਵਾਂ, ਉਦਯੋਗਕ ਆਗੂਆਂ ਨਾਲ ਸੰਵਾਦ ਅਤੇ ਇੰਟਰਐਕਟਿਵ ਵਰਕਸ਼ਾਪ ਕਰਵਾਈਆਂ ਗਈਆਂ। ਇਨ੍ਹਾਂ ਸੈਸ਼ਨਾਂ ਵਿੱਚ ਏਆਈ ਗਵਰਨੈਂਸ, ਨੈਤਿਕਤਾ, ਡਾਟਾ ਸੁਰੱਖਿਆ, ਅਤੇ ਏਆਈ ਦੇ ਹਕੀਕਤੀ ਲਾਗੂਕਰਨ ਵਰਗੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸਦੇ ਨਾਲ ਹੀ ਨੀਤੀ-ਨਿਰਧਾਰਣ ਅਤੇ ਉਦਯੋਗਕ ਅਭਿਆਸਾਂ ਵਿਚਕਾਰ ਮੌਜੂਦ ਅੰਤਰ ਨੂੰ ਘਟਾਉਣ ‘ਤੇ ਖਾਸ ਧਿਆਨ ਦਿੱਤਾ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਅਮਿਤ ਕਟਾਰੀਆ (ਸੀਓਓ ਅਤੇ ਕੋ-ਫਾਊਂਡਰ, ਸਰਸ ਏ ਆਈ) ਰਹੇ। ਇਸ ਤੋਂ ਇਲਾਵਾ ਤਰੁਣ ਮਲਹੋਤਰਾ, ਸੂਰਜ ਕੁਮਾਰ, ਤਨਦੀਪ ਸਾਂਗਰਾ, ਬਿਪਨਜੀਤ ਸਿੰਘ, ਜਿਗਰਜੀਤ ਸਿੰਘ, ਨੇਹਾ ਅਰੋੜਾ, ਅਨਿਲ ਚੰਨਾ ਅਤੇ ਤਨਵੀਰ ਸਿੰਘ ਸਮੇਤ ਕਈ ਪ੍ਰਮੁੱਖ ਉਦਯੋਗਕ ਮਾਹਿਰਾਂ ਅਤੇ ਤਕਨਾਲੋਜੀ ਨੇਤਾਵਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਭਾਰਤ ਵਿੱਚ ਇਜ਼ਰਾਈਲ ਦੇ ਦੂਤਾਵਾਸ ਤੋਂ ਤਕਨਾਲੋਜੀ ਅਤੇ ਨਵੀਨਤਾ ਦੀ ਮੁਖੀ ਮਾਇਆ ਸ਼ਰਮਨ ਨੇ ਵਰਚੁਅਲ ਤੌਰ ‘ਤੇ ਸ਼ਿਰਕਤ ਕਰਦਿਆਂ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਏਆਈ ਦੇ ਭਵਿੱਖ ‘ਤੇ ਰੋਸ਼ਨੀ ਪਾਈ।

ਸਮਿੱਟ ਦਾ ਇੱਕ ਹੋਰ ਆਕਰਸ਼ਣ ਏਆਈ ਪ੍ਰੋਜੈਕਟ ਸ਼ੋਕੇਸ ਰਿਹਾ, ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਵੱਲੋਂ ਹੈਲਥਕੇਅਰ, ਸਾਈਬਰ ਸੁਰੱਖਿਆ, ਸਮਾਰਟ ਟੈਕਨੋਲੋਜੀ, ਸਿੱਖਿਆ ਅਤੇ ਸਸਟੇਨੇਬਲ ਵਿਕਾਸ ਨਾਲ ਜੁੜੇ ਨਵੀਨ ਏਆਈ ਹੱਲ ਪੇਸ਼ ਕੀਤੇ ਗਏ।

ਇਸ ਮੌਕੇ ‘ਤੇ ਸੀਜੀਸੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਤਕਨਾਲੋਜੀ ਨੂੰ ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜ ਕੇ ਅੱਗੇ ਵਧਾਉਣ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਏਆਈ ਦੇ ਖੇਤਰ ਵਿੱਚ ਅਗਵਾਈ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ।

ਉੱਥੇ ਹੀ ਡਾ. ਅਤਿ ਪ੍ਰਿਯੇ, ਸੀਈਓ, ਇੰਕਿਊਬੇਸ਼ਨ ਐਂਡ ਸਟਾਰਟਅਪਸ ਨੇ ਕਿਹਾ ਕਿ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਦੇ ਅਧਿਕਾਰਿਕ ਪ੍ਰੀ-ਸਮਿੱਟ ਦੀ ਮੇਜ਼ਬਾਨੀ ਕਰਨਾ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ ਅਤੇ ਇਹ ਸਹਿਯੋਗ, ਨਵੀਨਤਾ ਅਤੇ ਸਮਾਵੇਸ਼ੀ ਵਿਕਾਸ ਵੱਲ ਇੱਕ ਮਜ਼ਬੂਤ ਕਦਮ ਹੈ।

ਸਮਾਗਮ ਤੋਂ ਪ੍ਰਾਪਤ ਨਤੀਜੇ ਅਤੇ ਸਿਫ਼ਾਰਸ਼ਾਂ ਨੂੰ ਅਧਿਕਾਰਿਕ ਤੌਰ ‘ਤੇ ਇੰਡੀਆ ਏ ਆਈ ਨਾਲ ਸਾਂਝਾ ਕੀਤਾ ਜਾਵੇਗਾ, ਜੋ 19–20 ਫਰਵਰੀ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਇੰਡੀਆ–ਏ ਆਈ ਇੰਪੈਕਟ ਸਮਿੱਟ ਦੀ ਰਾਸ਼ਟਰੀ ਪੱਧਰ ਦੀਆਂ ਚਰਚਾਵਾਂ ਨੂੰ ਦਿਸ਼ਾ ਦੇਣਗੇ। ਇਸ ਸਫਲ ਆਯੋਜਨ ਨਾਲ ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.