ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰੀਨਲੈਂਡ 'ਤੇ ਟਿਕੀ ਨਜ਼ਰ ਅਤੇ ਦੂਜੇ ਪਾਸੇ ਫਰਾਂਸ, ਇਟਲੀ ਅਤੇ ਜਰਮਨੀ ਦੇ ਰੂਸ ਨਾਲ ਵੱਧਦੇ ਨਜ਼ਦੀਕੀ ਸਬੰਧਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਕਲਪਨਾ ਕਰੋ ਕਿ ਜੇਕਰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਵਾਲਾ ਅਮਰੀਕਾ ਇੱਕ ਪਾਸੇ ਹੋਵੇ ਅਤੇ ਦੂਜੇ ਪਾਸੇ ਰੂਸ ਤੇ ਯੂਰਪ (ਅਮਰੀਕਾ ਅਤੇ ਤੁਰਕੀ ਨੂੰ ਛੱਡ ਕੇ NATO ਦੇ ਸਾਰੇ ਦੇਸ਼) ਦਾ ਇੱਕ ਅਸੰਭਵ ਜਿਹਾ ਲੱਗਣ ਵਾਲਾ ਗਠਜੋੜ ਹੋਵੇ, ਤਾਂ ਕਿਸਦਾ ਪਲੜਾ ਭਾਰੀ ਹੋਵੇਗਾ? ਕੀ ਅਰਬਾਂ ਡਾਲਰਾਂ ਦਾ ਰੱਖਿਆ ਬਜਟ ਫੈਸਲਾ ਕਰੇਗਾ ਜਾਂ ਟੈਂਕਾਂ ਅਤੇ ਫਾਈਟਰ ਜੈੱਟਾਂ ਦੀ ਗਿਣਤੀ ਖੇਡ ਪਲਟ ਦੇਵੇਗੀ?
ਰੱਖਿਆ ਬਜਟ: ਅਮਰੀਕਾ ਦਾ ਕੋਈ ਸਾਨੀ ਨਹੀਂ
ਇਸ ਤੁਲਨਾ ਵਿੱਚ ਅਮਰੀਕਾ ਸਭ ਤੋਂ ਅਮੀਰ ਖਿਡਾਰੀ ਹੈ। ਅਮਰੀਕਾ ਦਾ ਇਕੱਲੇ ਦਾ ਰੱਖਿਆ ਬਜਟ 935 ਬਿਲੀਅਨ ਡਾਲਰ ਤੋਂ ਵੱਧ ਹੈ। ਇਹ ਇੰਨਾ ਜ਼ਿਆਦਾ ਹੈ ਕਿ ਰੂਸ ਅਤੇ ਪੂਰੇ ਯੂਰਪ ਦਾ ਸਾਂਝਾ ਬਜਟ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਰੂਸ ਨੇ ਹਾਲਾਂਕਿ 2024 ਵਿੱਚ ਆਪਣਾ ਫੌਜੀ ਖਰਚਾ ਵਧਾਇਆ ਹੈ, ਪਰ ਫਿਰ ਵੀ ਇਹ ਗਠਜੋੜ ਅਮਰੀਕਾ ਦੇ ਬਜਟ ਦਾ ਸਿਰਫ 65-70 ਫੀਸਦੀ ਤੱਕ ਹੀ ਪਹੁੰਚ ਪਾਉਂਦਾ ਹੈ।
ਜ਼ਮੀਨੀ ਤਾਕਤ: ਰੂਸ ਅਤੇ ਯੂਰਪ ਅੱਗੇ
ਜਦੋਂ ਗੱਲ ਜ਼ਮੀਨੀ ਲੜਾਈ ਦੀ ਆਉਂਦੀ ਹੈ, ਤਾਂ ਰੂਸ-ਯੂਰਪ ਗਠਜੋੜ ਭਾਰੀ ਪੈਂਦਾ ਦਿਖਾਈ ਦਿੰਦਾ ਹੈ:
ਸੈਨਿਕ: ਰੂਸ ਅਤੇ ਯੂਰਪ ਕੋਲ ਮਿਲਾ ਕੇ ਲਗਭਗ 31 ਲੱਖ ਸਰਗਰਮ ਸੈਨਿਕ ਹਨ, ਜਦੋਂ ਕਿ ਅਮਰੀਕਾ ਕੋਲ ਲਗਭਗ 13 ਲੱਖ।
ਟੈਂਕ: ਇਸ ਗਠਜੋੜ ਕੋਲ ਕਰੀਬ 14,000 ਟੈਂਕ ਹਨ, ਜਦਕਿ ਅਮਰੀਕਾ ਕੋਲ ਸਿਰਫ 4,600 ਦੇ ਕਰੀਬ ਹਨ। ਹਾਲਾਂਕਿ ਰੂਸ ਦੇ ਬਹੁਤੇ ਟੈਂਕ ਪੁਰਾਣੇ ਮਾਡਲ ਦੇ ਹਨ, ਪਰ ਗਿਣਤੀ ਵਿੱਚ ਉਹ ਬਹੁਤ ਅੱਗੇ ਹਨ।
ਹਵਾਈ ਸ਼ਕਤੀ: ਅਮਰੀਕਾ ਦਾ ਦਬਦਬਾ
ਆਸਮਾਨ ਦੀ ਜੰਗ ਵਿੱਚ ਅਮਰੀਕਾ ਬਾਜ਼ੀ ਮਾਰ ਲੈਂਦਾ ਹੈ। ਅਮਰੀਕਾ ਕੋਲ ਸੈਂਕੜੇ 'ਸਟੀਲਥ' ਫਾਈਟਰ ਜੈੱਟ (F-22 ਅਤੇ F-35) ਹਨ ਜੋ ਰਾਡਾਰ ਦੀ ਪਕੜ ਵਿੱਚ ਨਹੀਂ ਆਉਂਦੇ।
ਕੁੱਲ ਜਹਾਜ਼: ਅਮਰੀਕਾ ਕੋਲ 13,200 ਜਹਾਜ਼ ਹਨ, ਜਦਕਿ ਰੂਸ-ਯੂਰਪ ਗਠਜੋੜ ਕੋਲ ਸਿਰਫ 7,700 ਹਨ।
ਯੂਰਪ ਹਾਲੇ ਵੀ ਜ਼ਿਆਦਾਤਰ 4.5 ਜਨਰੇਸ਼ਨ ਦੇ ਜਹਾਜ਼ਾਂ 'ਤੇ ਨਿਰਭਰ ਹੈ, ਜਦਕਿ ਅਮਰੀਕਾ 5ਵੀਂ ਜਨਰੇਸ਼ਨ ਵਿੱਚ ਬਹੁਤ ਅੱਗੇ ਹੈ।
ਸਮੁੰਦਰੀ ਜੰਗ ਅਤੇ ਪਰਮਾਣੂ ਹਥਿਆਰ
ਅਮਰੀਕਾ ਕੋਲ 11 ਏਅਰਕ੍ਰਾਫਟ ਕੈਰੀਅਰ ਹਨ, ਜੋ ਉਸਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹਮਲਾ ਕਰਨ ਦੀ ਤਾਕਤ ਦਿੰਦੇ ਹਨ। ਗਠਜੋੜ ਕੋਲ ਸਿਰਫ 6 ਕੈਰੀਅਰ ਹਨ। ਹਾਲਾਂਕਿ ਸਬਮਰੀਨਾਂ (ਪਣਡੁੱਬੀਆਂ) ਦੇ ਮਾਮਲੇ ਵਿੱਚ ਗਠਜੋੜ (120) ਅਮਰੀਕਾ (64) ਨਾਲੋਂ ਅੱਗੇ ਹੈ।
ਇੱਥੇ ਜਿੱਤ-ਹਾਰ ਦਾ ਮਤਲਬ ਹੀ ਖਤਮ ਹੋ ਜਾਂਦਾ ਹੈ। ਰੂਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਜ਼ਖੀਰਾ ਹੈ। ਬ੍ਰਿਟੇਨ ਅਤੇ ਫਰਾਂਸ ਨੂੰ ਮਿਲਾ ਕੇ ਇਸ ਗਠਜੋੜ ਕੋਲ 6,000 ਤੋਂ ਵੱਧ ਪਰਮਾਣੂ ਹਥਿਆਰ ਹੋ ਜਾਂਦੇ ਹਨ, ਜਦਕਿ ਅਮਰੀਕਾ ਕੋਲ ਕਰੀਬ 5,044 ਹਨ।
ਸਿਰਫ਼ ਹਥਿਆਰਾਂ ਦੀ ਗਿਣਤੀ ਨਾਲ ਜੰਗ ਦਾ ਨਤੀਜਾ ਨਹੀਂ ਕੱਢਿਆ ਜਾ ਸਕਦਾ। ਅੱਜ ਦੇ ਦੌਰ ਵਿੱਚ ਰੂਸ ਅਤੇ ਯੂਰਪ ਦਾ ਇਕੱਠੇ ਹੋਣਾ ਇੱਕ ਕਲਪਨਾ ਵਾਂਗ ਲੱਗਦਾ ਹੈ। ਫਿਲਹਾਲ ਇਹ ਸਭ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਹੈ ਅਤੇ ਕਿਸੇ ਅਸਲ ਜੰਗ ਦੀ ਕੋਈ ਸੂਚਨਾ ਨਹੀਂ ਹੈ। ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਦੁਨੀਆ ਦੀ ਸਭ ਤੋਂ ਭਿਆਨਕ ਤਬਾਹੀ ਹੋਵੇਗੀ।
Get all latest content delivered to your email a few times a month.