ਤਾਜਾ ਖਬਰਾਂ
ਸਿਟੀ ਬਿਊਟੀਫੁੱਲ ਦੇ ਪੌਸ਼ ਇਲਾਕੇ ਸੈਕਟਰ 21 ਵਿੱਚ ਵੀਰਵਾਰ ਦੇਰ ਰਾਤ ਹੋਈ ਅੰਨ੍ਹੇਵਾਹ ਗੋਲੀਬਾਰੀ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। 'ਦ ਐਡਰੈੱਸ ਗਰੁੱਪ' ਦੇ ਮਸ਼ਹੂਰ ਬਿਲਡਰ ਅੰਕਿਤ ਸਿਡਾਨਾ ਦੇ ਨਿਵਾਸ ਸਥਾਨ 'ਤੇ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਵਾਰਦਾਤ ਦਾ ਵੇਰਵਾ: 3 ਗੋਲੀਆਂ ਅਤੇ ਧਮਕੀ ਭਰਿਆ ਪੱਤਰ
ਜਾਣਕਾਰੀ ਅਨੁਸਾਰ, ਬਦਮਾਸ਼ਾਂ ਨੇ ਬਿਲਡਰ ਦੀ ਕੋਠੀ 'ਤੇ ਤਿੰਨ ਫਾਇਰ ਕੀਤੇ। ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ 'ਤੇ ਇੱਕ ਧਮਕੀ ਭਰਿਆ ਨੋਟ ਛੱਡ ਗਏ। ਇਸ ਨੋਟ ਵਿੱਚ ਮੁਹੱਬਤ ਸਿੰਘ ਅਤੇ ਪਵਨ ਸ਼ੌਕੀਨ ਦੇ ਨਾਂ ਲਿਖੇ ਹੋਏ ਸਨ। ਇਸ ਤੋਂ ਇਲਾਵਾ, ਗੋਲੀਬਾਰੀ ਦੀ ਜ਼ਿੰਮੇਵਾਰੀ ਕਥਿਤ ਤੌਰ 'ਤੇ ਗੈਂਗਸਟਰ ਡੋਨੀ ਬਲ ਅਤੇ ਗੋਪੀ ਘਣਸ਼ਿਆਮ ਪੁਰੀਆ ਗਰੁੱਪ ਨਾਲ ਜੋੜੀ ਜਾ ਰਹੀ ਹੈ।
ਦੁਬਈ ਤੋਂ ਪਰਤਦੇ ਹੀ ਹੋਇਆ ਹਮਲਾ
ਦੱਸਿਆ ਜਾ ਰਿਹਾ ਹੈ ਕਿ ਅੰਕਿਤ ਸਿਡਾਨਾ ਮਹਿਜ਼ ਦੋ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਚੰਡੀਗੜ੍ਹ ਪਰਤੇ ਸਨ। ਖੁਸ਼ਕਿਸਮਤੀ ਰਹੀ ਕਿ ਜਦੋਂ ਇਹ ਹਮਲਾ ਹੋਇਆ, ਉਸ ਵੇਲੇ ਉਹ ਘਰ ਵਿੱਚ ਸੁਰੱਖਿਅਤ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਅਤੇ ਬੇਟਾ ਅਜੇ ਵੀ ਦੁਬਈ ਵਿੱਚ ਹੀ ਹਨ।
ਪੁਰਾਣਾ ਹੈ ਫਿਰੌਤੀ ਦਾ ਮਾਮਲਾ
ਸੂਤਰਾਂ ਮੁਤਾਬਕ ਇਹ ਹਮਲਾ ਮੋਟੀ ਫਿਰੌਤੀ ਦੀ ਵਸੂਲੀ ਲਈ ਕੀਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸਿਡਾਨਾ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ; ਇਸ ਤੋਂ ਲਗਭਗ 4 ਸਾਲ ਪਹਿਲਾਂ ਵੀ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਸ਼ਹਿਰ ਦੀ ਸੁਰੱਖਿਆ ਹੋਰ ਸਖ਼ਤ ਕੀਤੀ ਜਾ ਰਹੀ ਹੈ।
Get all latest content delivered to your email a few times a month.