ਤਾਜਾ ਖਬਰਾਂ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਤੰਬਾਕੂ ਕੰਟਰੋਲ ਦੇ ਮਾਮਲੇ ਵਿੱਚ ਪੰਜਾਬ ਨੇ ਦੇਸ਼ ਭਰ ਵਿੱਚ ਅਹੰਕਾਰਯੋਗ ਸਥਾਨ ਬਣਾਇਆ ਹੈ ਅਤੇ ਇਸ ਸਫਲਤਾ ਦਾ ਸਭ ਤੋਂ ਵੱਡਾ ਸਹਾਰਾ ਸੂਬੇ ਦੀ ਜਾਗਰੂਕ ਤੇ ਸਸ਼ਕਤ ਨੌਜਵਾਨੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿਹਤਮੰਦ ਸਮਾਜ ਦੇ ਅਸਲ ਰਚਨਹਾਰ ਦੱਸਦਿਆਂ ਤੰਬਾਕੂ ਵਿਰੁੱਧ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦੀ ਅਪੀਲ ਕੀਤੀ।
ਪੰਜਾਬ ਯੂਨੀਵਰਸਿਟੀ ਵਿਖੇ “ਬਿਲਡਿੰਗ ਏ ਤੰਬਾਕੂ-ਫਰੀ ਜਨਰੇਸ਼ਨ ਥਰੋ ਪ੍ਰਮੋਸ਼ਨ, ਅਡੈਪਟੇਸ਼ਨ ਐਂਡ ਇੰਪਲੀਮੈਂਟੇਸ਼ਨ ਆਫ ਨਿਊ ਇੰਨੀਸ਼ੀਏਟਿਵ” ਵਿਸ਼ੇ ਹੇਠ ਕਰਵਾਏ ਗਏ ਯੂਥ ਕਨਕਲੇਵ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜਦੋਂ ਨੌਜਵਾਨ ਤੰਬਾਕੂ ਤੋਂ ਦੂਰੀ ਬਣਾਉਂਦੇ ਹਨ, ਤਾਂ ਨਾ ਸਿਰਫ਼ ਉਹ ਆਪਣੀ ਜ਼ਿੰਦਗੀ ਬਚਾਉਂਦੇ ਹਨ, ਸਗੋਂ ਪੂਰੇ ਸਮਾਜ ਲਈ ਸਕਾਰਾਤਮਕ ਉਦਾਹਰਨ ਵੀ ਬਣਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕੈਂਪਸ, ਸਮਾਜਿਕ ਥਾਵਾਂ ਅਤੇ ਡਿਜੀਟਲ ਮੀਡੀਆ ਰਾਹੀਂ ਤੰਬਾਕੂ ਵਿਰੁੱਧ ਸਨੇਹਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਡਾ. ਬਲਬੀਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਤੰਬਾਕੂ ਸਿਰਫ਼ ਸਰੀਰਕ ਬਿਮਾਰੀਆਂ ਹੀ ਨਹੀਂ ਪੈਦਾ ਕਰਦਾ, ਬਲਕਿ ਮਾਨਸਿਕ ਸਿਹਤ ’ਤੇ ਵੀ ਗਹਿਰਾ ਅਸਰ ਪਾਂਦਾ ਹੈ। ਤੰਬਾਕੂ ਦੀ ਆਦਤ ਡਿਪ੍ਰੈਸ਼ਨ, ਆਤਮਹੱਤਿਆਈ ਸੋਚ ਅਤੇ ਅਪਰਾਧਿਕ ਪ੍ਰਵਿਰਤੀਆਂ ਵੱਲ ਧੱਕ ਸਕਦੀ ਹੈ, ਜਿਸ ਕਾਰਨ ਇਹ ਸਮਾਜਕ ਬੁਰਾਈ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਲਾਹਨਤ ਨੂੰ ਮੁਲ ਤੋਂ ਖ਼ਤਮ ਕਰਨ ਲਈ ਸਰਕਾਰ, ਸਮਾਜ ਅਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਐਨਐਫਐਚਐਸ-5 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਦੇਸ਼ ਵਿੱਚ ਸਭ ਤੋਂ ਘੱਟ ਹੈ। ਇਹ ਪ੍ਰਾਪਤੀ ਕੋਟਪਾ ਐਕਟ ਦੀ ਸਖ਼ਤ ਪਾਲਣਾ, ਈ-ਸਿਗਰੇਟਾਂ ਖ਼ਿਲਾਫ਼ ਤੁਰੰਤ ਕਾਰਵਾਈ, ਹੁੱਕਾ ਬਾਰਾਂ ’ਤੇ ਪੱਕੀ ਪਾਬੰਦੀ ਅਤੇ ਸੂਬੇ ਭਰ ਵਿੱਚ ਮੁਫ਼ਤ ਤੰਬਾਕੂ ਛੁਡਾਊ ਕੇਂਦਰ ਸਥਾਪਿਤ ਕਰਨ ਵਰਗੇ ਕਦਮਾਂ ਦਾ ਨਤੀਜਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਸਲੀ ਕਾਮਯਾਬੀ ਤਦੋਂ ਮਿਲੇਗੀ ਜਦੋਂ ਤੰਬਾਕੂ ਦੀ ਵਰਤੋਂ ਨੂੰ ਸਮਾਜਿਕ ਤੌਰ ’ਤੇ ਅਸਵੀਕਾਰ ਕਰ ਦਿੱਤਾ ਜਾਵੇਗਾ।
ਇਸ ਮੌਕੇ ਡਾ. ਬਲਬੀਰ ਸਿੰਘ ਵੱਲੋਂ “ਭਾਰਤ ਵਿੱਚ ਤੰਬਾਕੂ-ਮੁਕਤ ਪੀੜ੍ਹੀ ਸਿਰਜਣ ਪ੍ਰਤੀ ਨੌਜਵਾਨਾਂ ਦੀ ਸੋਚ” ਵਿਸ਼ੇ ’ਤੇ 10 ਸੂਬਿਆਂ ’ਚ ਕੀਤੀ ਗਈ ਵਿਸਤ੍ਰਿਤ ਅਧਿਐਨ ਰਿਪੋਰਟ ਵੀ ਜਾਰੀ ਕੀਤੀ ਗਈ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਹਰੇਕ ਨਾਗਰਿਕ, ਖ਼ਾਸ ਕਰਕੇ ਨੌਜਵਾਨਾਂ ਨੂੰ ਤੰਬਾਕੂ ਮੁਕਤ ਜੀਵਨ ਅਪਣਾਉਣ ਅਤੇ ਤੰਬਾਕੂ ਮੁਕਤ ਪੰਜਾਬ ਬਣਾਉਣ ਦਾ ਅਹਿਦ ਲੈਣ ਦੀ ਅਪੀਲ ਕੀਤੀ।
ਸਮਾਗਮ ਦੌਰਾਨ ਸਿਹਤ, ਸਿੱਖਿਆ ਅਤੇ ਸਿਵਲ ਸੋਸਾਇਟੀ ਨਾਲ ਜੁੜੇ ਕਈ ਪ੍ਰਮੁੱਖ ਵਿਅਕਤੀਆਂ ਨੇ ਵੀ ਵਿਚਾਰ ਸਾਂਝੇ ਕਰਦੇ ਹੋਏ ਤੰਬਾਕੂ ਵਿਰੁੱਧ ਸਾਂਝੀ ਲੜਾਈ ਦੀ ਲੋੜ ’ਤੇ ਜ਼ੋਰ ਦਿੱਤਾ।
Get all latest content delivered to your email a few times a month.