ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਵਪਾਰਕ, ਨਿਵੇਸ਼ ਅਤੇ ਸਿੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਸੀ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਭਾਰਤ ਅਤੇ ਪੰਜਾਬ ਲਈ ਭਰੋਸੇਮੰਦ ਭਾਈਵਾਲ ਰਿਹਾ ਹੈ ਅਤੇ ਦੋਵਾਂ ਖਿੱਤਿਆਂ ਵਿੱਚ ਵਪਾਰ ਅਤੇ ਲੋਕਾਂ ਲਈ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬ ਐਗਰੋ-ਪ੍ਰੋਸੈਸਿੰਗ, ਟੈਕਸਟਾਈਲ, ਇੰਜੀਨੀਅਰਿੰਗ, ਆਈ.ਟੀ. ਸੇਵਾਵਾਂ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਆਗੂ ਹੈ ਅਤੇ ਇਹ ਖੇਤਰ ਕੈਨੇਡੀਅਨ ਨਿਵੇਸ਼ਕਾਂ ਲਈ ਆਕਰਸ਼ਕ ਮੌਕੇ ਪੈਦਾ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਪਾਰ ਕਰਨ ਵਿੱਚ ਸੌਖ ਅਤੇ ਸਪਸ਼ਟ ਨੀਤੀਆਂ ਦੇ ਮਾਮਲੇ ਵਿੱਚ ਦੇਸ਼ ਦੇ ਅਗੇ ਹੈ। ਇਨਵੈਸਟ ਪੰਜਾਬ ਪਲੇਟਫਾਰਮ ਰਾਹੀਂ ਨਿਵੇਸ਼ਕਾਂ ਨੂੰ ਸਿੰਗਲ-ਵਿੰਡੋ ਕਲੀਅਰੈਂਸ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਭਗਵੰਤ ਮਾਨ ਨੇ ਖੇਤੀਬਾੜੀ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਟਿਕਾਊ ਖੇਤੀ, ਗ੍ਰੀਨਹਾਊਸ ਤਕਨਾਲੋਜੀ ਅਤੇ ਖੁਰਾਕ ਸੁਰੱਖਿਆ ਵਿੱਚ ਮੁਹਾਰਤ ਨੂੰ ਪੰਜਾਬੀ ਉਦਯੋਗਾਂ ਨਾਲ ਜੋੜਨ ਦੀ ਸੰਭਾਵਨਾ ਵੱਡੀ ਬਤਾਈ। ਉਹਨਾਂ ਨੇ ਕਿਹਾ ਕਿ ਸਾਫ-ਸੁਥਰੀ ਖੇਤੀ, ਵੈਲਿਊ ਐਡਿਡ ਫੂਡ ਪ੍ਰੋਸੈਸਿੰਗ ਅਤੇ ਆਧੁਨਿਕ ਕਿਸਾਨੀ ਤਕਨਾਲੋਜੀ ਵਿੱਚ ਦੋਵਾਂ ਖਿੱਤਿਆਂ ਵਿਚਕਾਰ ਭਾਈਵਾਲੀ ਹੋ ਸਕਦੀ ਹੈ।
ਸਿੱਖਿਆ ਅਤੇ ਹੁਨਰ ਵਿਕਾਸ ਖੇਤਰ ਵਿੱਚ ਮੁੱਖ ਮੰਤਰੀ ਨੇ ਕੈਨੇਡੀਅਨ ਯੂਨੀਵਰਸਿਟੀਆਂ ਨਾਲ ਸਾਂਝੇ ਕੈਂਪਸ ਅਤੇ ਕਰੀਅਰ ਵਿਕਾਸ ਪ੍ਰੋਗਰਾਮਾਂ ਦੇ ਆਈਡੀਏਜ਼ ਨੂੰ ਅੱਗੇ ਲਿਆਇਆ। ਸਿਹਤ ਸੰਭਾਲ, ਜੀਵਨ ਵਿਗਿਆਨ, ਫਾਰਮਾਸਿਊਟੀਕਲ ਅਤੇ ਟੈਲੀਮੈਡੀਸਨ ਖੇਤਰਾਂ ਵਿੱਚ ਨਿਵੇਸ਼ ਦੇ ਮੌਕੇ ਵੀ ਚਰਚੇ ਵਿੱਚ ਰਹੇ।
ਤਕਨਾਲੋਜੀ ਖੇਤਰ ਵਿੱਚ, ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਗਰੀ-ਟੈਕ ਪ੍ਰੋਜੈਕਟਾਂ ਵਿੱਚ ਸਾਂਝੇ ਉੱਦਮਾਂ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ ਗਿਆ। ਨਿਰਮਾਣ ਅਤੇ ਇੰਜੀਨੀਅਰਿੰਗ ਖੇਤਰਾਂ ਵਿੱਚ ਭੀ ਕੈਨੇਡਾ ਦੀ ਮੁਹਾਰਤ ਪੰਜਾਬੀ ਉਦਯੋਗਿਕ ਕਲੱਸਟਰਾਂ ਲਈ ਮਹੱਤਵਪੂਰਨ ਹੈ।
ਭਗਵੰਤ ਮਾਨ ਨੇ ਪੰਜਾਬੀ ਪ੍ਰਵਾਸੀ ਭਾਈਚਾਰੇ ਦੀ ਭੂਮਿਕਾ ਉੱਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਇੱਕ ਪੂਲ ਦਾ ਕੰਮ ਕਰਦਾ ਹੈ। ਇਸ ਦੌਰਾਨ ਉਹਨਾਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਕੈਨੇਡੀਅਨ ਵਫ਼ਦ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ।
ਪ੍ਰੀਮੀਅਰ ਡੇਵਿਡ ਈਬੀ ਨੇ ਮੁੱਖ ਮੰਤਰੀ ਦੀ ਮਹਿਮਾਨਨਿਵਾਜ਼ੀ ਦੀ ਸਰਾਹਣਾ ਕੀਤੀ ਅਤੇ ਕਿਹਾ ਕਿ ਪੰਜਾਬ ਨਾਲ ਹੋਰ ਨੇੜਲੇ ਸਬੰਧ ਬਣਾਉਣ ਲਈ ਉਹ ਉਤਸੁਕ ਹਨ, ਖਾਸ ਕਰਕੇ ਵਪਾਰ, ਹੁਨਰ ਵਿਕਾਸ ਅਤੇ ਊਰਜਾ ਖੇਤਰਾਂ ਵਿੱਚ।
Get all latest content delivered to your email a few times a month.