ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਪਾਵਨ ਦਿਹਾੜੇ ਮੌਕੇ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਖਾਲਸਾਈ ਰਿਵਾਇਤਾਂ ਅਨੁਸਾਰ ਵਿਸ਼ਾਲ ਮਹੱਲਾ ਕੱਢਿਆ ਗਿਆ। ਇਸ ਮਹੱਲੇ ਦੀ ਅਗਵਾਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੀਤੀ।
ਮਹੱਲੇ ਦੀ ਆਰੰਭਤਾ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੁੱਢਾ ਦਲ ਨੂੰ ਬਖਸ਼ੇ ਨਿਸ਼ਾਨ ਸਾਹਿਬ ਅਤੇ ਨਗਾਰਿਆਂ ਦੀ ਛਤਰਛਾਇਆ ਹੇਠ ਕੀਤੀ ਗਈ। ਇਸ ਤੋਂ ਪਹਿਲਾਂ ਇੱਥੇ ਨਿਹੰਗ ਸਿੰਘਾਂ ਦੀ ਚਲੀ ਆ ਰਹੀ ਮਰਯਾਦਾ ਅਨੁਸਾਰ ਆਖੰਡ ਪਾਠਾਂ ਦੇ ਭੋਗ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਅਤੇ ਵੱਖ-ਵੱਖ ਰਾਗੀ ਜਥਿਆਂ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ।
ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਾਘੀ ਦੇ ਜੋੜ ਮੇਲੇ ’ਤੇ ਪੁੱਜੀਆਂ ਸੰਗਤਾਂ ਅਤੇ ਉਨ੍ਹਾਂ ਦੀ ਸੇਵਾ ਵਿੱਚ ਜੁਟੇ ਸਮੂਹ ਸੇਵਾ ਦਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁਕਤਸਰ ਸਾਹਿਬ ਦਾ ਇਹ ਪਾਵਨ ਮੇਲਾ ਭੁੱਲਾਂ ਬਖਸ਼ਾਉਣ ਵਾਲਾ ਹੈ, ਜਿੱਥੇ ਬੇਦਾਵਾ ਦੇਣ ਵਾਲੇ ਸਿੰਘਾਂ ਨੇ ਅਦੁੱਤੀ ਕੁਰਬਾਨੀ ਦੇ ਕੇ ਗੁਰੂ ਸਾਹਿਬ ਤੋਂ ਬਖ਼ਸ਼ੀਸ਼ਾਂ ਪ੍ਰਾਪਤ ਕੀਤੀਆਂ। ਉਨ੍ਹਾਂ ਸਿੱਖ ਕੌਮ ਦੇ ਸੰਘਰਸ਼ਪੂਰਨ ਅਤੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਚੜਦੀਕਲਾ ਵਿੱਚ ਰਹਿੰਦਿਆਂ ਕੌਮ ਦੀ ਚੜ੍ਹਦੀਕਲਾ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਉਪਰੰਤ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਤੋਂ ਵੱਖ-ਵੱਖ ਤਰਨਾ ਦਲਾਂ ਦੇ ਮੁਖੀਆਂ ਅਤੇ ਨਿਹੰਗ ਸਿੰਘਾਂ ਦਾ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਸਜੀਆਂ ਗੱਡੀਆਂ ਅਤੇ ਪੈਦਲ ਯਾਤਰਾ ਕਰਦਿਆਂ ਖਾਲਸਾਈ ਜੈਕਾਰਿਆਂ ਨਾਲ ਅੱਗੇ ਵਧਿਆ। ਮਹੱਲਾ ਬਜ਼ਾਰਾਂ ਰਾਹੀਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਨਤਮਸਤਕ ਹੋਇਆ ਅਤੇ ਫਿਰ ਖੁਲੇ ਮੈਦਾਨ ਵਿੱਚ ਪਹੁੰਚਿਆ।
ਮੈਦਾਨ ਵਿੱਚ ਬੈਂਡ ਵਾਜਿਆਂ ਦੀਆਂ ਸੁਰੀਲੀਆਂ ਧੁਨਾਂ, ਨਗਾਰਿਆਂ ਦੀ ਗੂੰਜ ਅਤੇ ਨਰਸਿੰਘਿਆਂ ਦੀ ਆਵਾਜ਼ ਨਾਲ ਮਾਹੌਲ ਜੋਸ਼ ਨਾਲ ਭਰ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀ ਹੋਈ ਸੰਗਤ ਨੇ ਘੋੜ ਦੌੜਾਂ, ਕਲਾਬਾਜ਼ੀਆਂ ਅਤੇ ਗੱਤਕੇ ਦੇ ਦਿਲਕਸ਼ ਪ੍ਰਦਰਸ਼ਨਾਂ ਦਾ ਆਨੰਦ ਮਾਣਿਆ। ਨਿਹੰਗ ਸਿੰਘਾਂ ਵੱਲੋਂ ਇਕ ਤੋਂ ਲੈ ਕੇ ਛੇ ਘੋੜਿਆਂ ’ਤੇ ਖੜ੍ਹ ਕੇ ਦੌੜਾਂ ਲਗਾਉਣ ਅਤੇ ਸ਼ਸਤਰ ਵਿਦਿਆ ਦੇ ਜੋਹਰ ਵਿਖਾਉਣ ’ਤੇ ਦਰਸ਼ਕਾਂ ਵੱਲੋਂ ਖੂਬ ਦਾਦ ਮਿਲੀ।
ਮਹੱਲੇ ਵਿੱਚ ਵੱਖ-ਵੱਖ ਨਿਹੰਗ ਦਲਾਂ ਦੇ ਮੁਖੀਆਂ ਅਤੇ ਵੱਡੀ ਗਿਣਤੀ ਵਿੱਚ ਤਿਆਰ-ਬਰ-ਤਿਆਰ ਸ਼ਸਤਰਧਾਰੀ ਨਿਹੰਗ ਸਿੰਘਾਂ ਨੇ ਸ਼ਮੂਲੀਅਤ ਕੀਤੀ। ਅੰਤ ਵਿੱਚ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਹੱਲੇ ਵਿੱਚ ਸ਼ਾਮਲ ਸਮੂਹ ਜਥੇਦਾਰਾਂ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਸ ਧਾਰਮਿਕ ਸਮਾਗਮ ਨੂੰ ਖਾਲਸਾਈ ਏਕਤਾ ਅਤੇ ਸ਼ਹੀਦੀ ਯਾਦ ਦਾ ਪ੍ਰਤੀਕ ਦੱਸਿਆ।
Get all latest content delivered to your email a few times a month.