ਤਾਜਾ ਖਬਰਾਂ
ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਵਾਲੀ ਕਪੂਰਥਲਾ ਦੀ ਰਹਿਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਉਸਦੀ ਆਪਣੇ ਪਹਿਲੇ ਪਤੀ ਨਾਲ ਹੋਈ ਫੋਨ ਗੱਲਬਾਤ ਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਡੀਓ ਵਿੱਚ ਸਰਬਜੀਤ ਕੌਰ ਭਾਵੁਕ ਹੋ ਕੇ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਉਸ ਤੋਂ ਵੱਡੀ ਗਲਤੀ ਹੋ ਗਈ ਹੈ ਅਤੇ ਉਹ ਹੁਣ ਭਾਰਤ ਵਾਪਸ ਆਉਣਾ ਚਾਹੁੰਦੀ ਹੈ।
ਸਰਬਜੀਤ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਸੂਸੀ ਦੇ ਮਕਸਦ ਨਾਲ ਪਾਕਿਸਤਾਨ ਨਹੀਂ ਗਈ ਸੀ। ਉਸਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੀਆਂ ਕੁਝ ਨਿੱਜੀ ਅਤੇ ਅਸ਼ਲੀਲ ਤਸਵੀਰਾਂ ਡਿਲੀਟ ਕਰਵਾਉਣ ਲਈ ਉੱਥੇ ਗਈ ਸੀ। ਉਸਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਵਿੱਚ ਉਸਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੋਂਦੇ ਹੋਏ ਸਰਬਜੀਤ ਕੌਰ ਨੇ ਦੋਸ਼ ਲਗਾਇਆ ਕਿ ਜਿਸ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਉਸਨੇ ਨਿਕਾਹ ਕੀਤਾ, ਉਸਦੀ ਮਾਂ, ਪਹਿਲੀ ਪਤਨੀ ਅਤੇ ਭੈਣ ਵੱਲੋਂ ਉਸ ਨਾਲ ਮਾਰ-ਕੁੱਟ ਕੀਤੀ ਗਈ। ਉਸਦਾ ਕਹਿਣਾ ਹੈ ਕਿ ਉਹ ਇੱਥੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਅਤੇ ਵਾਪਸੀ ‘ਤੇ ਚਾਹੁੰਦੀ ਹੈ ਕਿ ਕੋਈ ਉਸਨੂੰ ਤੰਗ-ਪਰੇਸ਼ਾਨ ਨਾ ਕਰੇ।
ਸਰਬਜੀਤ ਕੌਰ ਨੇ ਭਾਵੁਕ ਅਪੀਲ ਕਰਦਿਆਂ ਕਿਹਾ, “ਮੈਂ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਦੀ। ਭਾਰਤ ਵਿੱਚ ਮੈਂ ਸਰਦਾਰਨੀ ਹਾਂ, ਲੋਕਾਂ ‘ਤੇ ਕਰੋੜਾਂ ਰੁਪਏ ਖਰਚ ਕਰਦੀ ਸੀ, ਪਰ ਇੱਥੇ ਪਾਕਿਸਤਾਨ ਵਿੱਚ ਮੈਂ ਪੈਸੇ-ਪੈਸੇ ਨੂੰ ਤਰਸ ਰਹੀ ਹਾਂ।”
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਬਜੀਤ ਕੌਰ ਨੂੰ ਪਾਕਿਸਤਾਨੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁਰੂਆਤੀ ਤੌਰ ‘ਤੇ ਉਸਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਸੀ, ਪਰ ਬਾਅਦ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਡਿਪੋਰਟੇਸ਼ਨ ‘ਤੇ ਰੋਕ ਲਗਾ ਦਿੱਤੀ। ਇਸ ਸਮੇਂ ਸਰਬਜੀਤ ਕੌਰ ਨੂੰ ਪਾਕਿਸਤਾਨ ਦੇ ਸ਼ੈਲਟਰ ਹੋਮ ‘ਦਾਰੁਲ ਅਮਾਨ’ ਵਿੱਚ ਰੱਖਿਆ ਗਿਆ ਹੈ, ਜਿੱਥੇ ਉਹ ਪੁਲਿਸ ਸੁਰੱਖਿਆ ਹੇਠ ਰਹਿ ਰਹੀ ਹੈ। ਮਾਮਲੇ ਸੰਬੰਧੀ ਲਾਹੌਰ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਉਸਦੀ ਵੀਜ਼ਾ ਮਿਆਦ ਵਧਾਉਣ ਅਤੇ ਡਿਪੋਰਟੇਸ਼ਨ ‘ਤੇ ਰੋਕ ਦੀ ਅਪੀਲ ਮਨਜ਼ੂਰ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਉੱਥੇ ਜਾ ਕੇ ਉਸਨੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ ਅਤੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ। ਉਸਦਾ ਤੀਰਥ ਯਾਤਰੀ ਵੀਜ਼ਾ ਸਿੰਗਲ ਐਂਟਰੀ ਸੀ, ਜਿਸਦੀ ਮਿਆਦ ਖ਼ਤਮ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ, ਸਰਬਜੀਤ ਅਤੇ ਨਾਸਿਰ 2016 ਤੋਂ ਟਿਕਟੋਕ ਰਾਹੀਂ ਇਕ-ਦੂਜੇ ਦੇ ਸੰਪਰਕ ਵਿੱਚ ਸਨ ਅਤੇ ਸਰਬਜੀਤ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਚੁੱਕੀ ਸੀ, ਪਰ ਕਾਨੂੰਨੀ ਕਾਰਨਾਂ ਕਰਕੇ ਉਸਨੂੰ ਸਫਲਤਾ ਨਹੀਂ ਮਿਲੀ।
Get all latest content delivered to your email a few times a month.