ਤਾਜਾ ਖਬਰਾਂ
ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੀਨੀਅਰ ਨਾਗਰਿਕਾਂ ਦੇ ਸਨਮਾਨ ਅਤੇ ਭਲਾਈ ਲਈ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। 16 ਜਨਵਰੀ ਨੂੰ ਐਸ.ਏ.ਐਸ. ਨਗਰ (ਮੋਹਾਲੀ) ਤੋਂ ਰਾਜ ਪੱਧਰੀ ਮੁਹਿੰਮ 'ਸਾਡੇ ਬਜ਼ੁਰਗ, ਸਾਡਾ ਮਾਣ' ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਬਜ਼ੁਰਗਾਂ ਨੂੰ ਸਿਹਤ, ਕਾਨੂੰਨੀ ਅਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਇੱਕੋ ਛੱਤ ਹੇਠ ਮੁਹੱਈਆ ਕਰਵਾਉਣਾ ਹੈ।
ਇਹ ਮੁਹਿੰਮ ਵਿੱਤੀ ਸਾਲ 2025-26 ਦੀ ਰਾਜ ਕਾਰਜ ਯੋਜਨਾ ਦਾ ਹਿੱਸਾ ਹੈ, ਜਿਸ ਤਹਿਤ ਪੰਜਾਬ ਭਰ ਵਿੱਚ ਜ਼ਿਲ੍ਹਾ-ਵਾਰ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਹੇਠ ਲਿਖੀਆਂ ਸੇਵਾਵਾਂ ਮਿਲਣਗੀਆਂ:
* ਮੁਫ਼ਤ ਸਿਹਤ ਜਾਂਚ: ਅੱਖਾਂ, ਦੰਦ, ਨੱਕ, ਕੰਨ ਅਤੇ ਗਲੇ (ENT) ਦੀ ਜਾਂਚ ਤੋਂ ਇਲਾਵਾ ਆਯੁਰਵੈਦਿਕ ਅਤੇ ਹੋਮਿਓਪੈਥਿਕ ਇਲਾਜ।
* ਸਹਾਇਕ ਉਪਕਰਣਾਂ ਦੀ ਵੰਡ: ਮੌਕੇ 'ਤੇ ਹੀ ਨਜ਼ਰ ਦੀਆਂ ਐਨਕਾਂ, ਸੁਣਨ ਵਾਲੀਆਂ ਮਸ਼ੀਨਾਂ, ਵ੍ਹੀਲਚੇਅਰ, ਸਟਿੱਕਸ ਅਤੇ ਸਰਵਾਈਕਲ ਕਾਲਰ ਦਿੱਤੇ ਜਾਣਗੇ।
* ਸਮਾਜਿਕ ਸੁਰੱਖਿਆ: ਬਜ਼ੁਰਗਾਂ ਦੀ ਪੈਨਸ਼ਨ ਲਈ ਨਾਮਾਂਕਣ, ਸੀਨੀਅਰ ਸਿਟੀਜ਼ਨ ਕਾਰਡ ਅਤੇ ਅਲੀਮਕੋ (ALIMCO) ਕਾਰਡ ਮੌਕੇ 'ਤੇ ਬਣਾਏ ਜਾਣਗੇ।
* ਕਾਨੂੰਨੀ ਮਦਦ: 'ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀ ਦੇਖਭਾਲ ਐਕਟ 2007' ਬਾਰੇ ਜਾਗਰੂਕਤਾ ਅਤੇ ਮੁਫ਼ਤ ਕਾਨੂੰਨੀ ਸਲਾਹ।
ਸਮਾਜ ਦਾ ਸਰਮਾਇਆ ਹਨ ਬਜ਼ੁਰਗ: ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ, "ਬਜ਼ੁਰਗ ਸਾਡੇ ਲਈ ਸਿਰਫ਼ ਲਾਭਪਾਤਰੀ ਨਹੀਂ, ਸਗੋਂ ਸਮਾਜ ਦਾ ਸਭ ਤੋਂ ਕੀਮਤੀ ਖ਼ਜ਼ਾਨਾ ਹਨ।" ਉਨ੍ਹਾਂ ਦੱਸਿਆ ਕਿ ਕੜਾਕੇ ਦੀ ਸਰਦੀ ਨੂੰ ਮੁੱਖ ਰੱਖਦਿਆਂ ਪਹਿਲਾ ਕੈਂਪ 16 ਜਨਵਰੀ ਨੂੰ ਲੱਗੇਗਾ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਅਗਲਾ ਪੜਾਅ 26 ਜਨਵਰੀ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ।
ਮਦਦ ਲਈ ਹੈਲਪਲਾਈਨ ਨੰਬਰ
ਸਰਕਾਰ ਨੇ ਬਜ਼ੁਰਗਾਂ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਟੋਲ-ਫ੍ਰੀ ਨੰਬਰ 14567 ਵੀ ਜਾਰੀ ਕੀਤਾ ਹੋਇਆ ਹੈ। ਮੰਤਰੀ ਨੇ ਸਮੂਹ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਸਰਕਾਰੀ ਸਹੂਲਤਾਂ ਦਾ ਸਿੱਧਾ ਲਾਭ ਲਿਆ ਜਾ ਸਕੇ।
Get all latest content delivered to your email a few times a month.