ਤਾਜਾ ਖਬਰਾਂ
ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਮਾਹਣਾ ਸਿੰਘ ਚੌਕ ਨੇੜਲੀ ਗਲੀ ਚੂੜ ਸਿੰਘ ਵਿੱਚ ਲੋਹੜੀ ਦੀ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇੱਕ ਰਿਹਾਇਸ਼ੀ ਘਰ ਵਿੱਚ ਲੱਗੀ ਅੱਗ ਨੇ ਦੋ ਜਾਨਾਂ ਨਿਗਲ ਲਈਆਂ। ਇਸ ਦਰਦਨਾਕ ਘਟਨਾ ਵਿੱਚ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਅਪਾਹਜ ਮੁਟਿਆਰ ਦੀ ਸੜਨ ਕਾਰਨ ਮੌਤ ਹੋ ਗਈ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਲੋਹੜੀ ਦੀ ਅੱਗ ਵਿੱਚੋਂ ਨਿਕਲੀ ਇੱਕ ਮਾਮੂਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ।
ਚੰਗਿਆੜੀ ਨੇ ਧਾਰਿਆ ਭਿਆਨਕ ਰੂਪ ਪਰਿਵਾਰਕ ਮੈਂਬਰਾਂ ਅਨੁਸਾਰ, ਲੋਹੜੀ ਬਾਲਣ ਦੌਰਾਨ ਅੱਗ ਦੀ ਇੱਕ ਚੰਗਿਆੜੀ ਉੱਡ ਕੇ ਘਰ ਦੇ ਅੰਦਰ ਪਏ ਕੱਪੜਿਆਂ ਦੇ ਢੇਰ 'ਤੇ ਜਾ ਡਿੱਗੀ। ਘਰ ਵਿੱਚ ਜਲਣਸ਼ੀਲ ਪਦਾਰਥ ਅਤੇ ਕੱਪੜੇ ਵੱਡੀ ਮਾਤਰਾ ਵਿੱਚ ਹੋਣ ਕਾਰਨ ਅੱਗ ਨੇ ਪਲਾਂ ਵਿੱਚ ਹੀ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਸਮੇਂ ਘਰ ਵਿੱਚ ਪੰਜ ਲੋਕ ਮੌਜੂਦ ਸਨ। ਗੁਆਂਢੀਆਂ ਨੇ ਬੜੀ ਮੁਸ਼ੱਕਤ ਨਾਲ ਤਿੰਨ ਜੀਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ, ਪਰ ਬਿਮਾਰ ਬਜ਼ੁਰਗ ਪਿਤਾ ਅਤੇ ਚੱਲਣ-ਫਿਰਨ ਤੋਂ ਅਸਮਰਥ ਲੜਕੀ ਅੰਦਰ ਹੀ ਫਸ ਗਏ ਅਤੇ ਦਮ ਤੋੜ ਦਿੱਤਾ।
ਤੰਗ ਗਲੀਆਂ ਕਾਰਨ ਬਚਾਅ ਕਾਰਜਾਂ 'ਚ ਆਈ ਮੁਸ਼ਕਲ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਪਰ ਇਲਾਕਾ ਤੰਗ ਹੋਣ ਕਾਰਨ ਗੱਡੀਆਂ ਨੂੰ ਕਰੀਬ 100 ਮੀਟਰ ਦੂਰ ਹੀ ਖੜ੍ਹਾ ਕਰਨਾ ਪਿਆ। ਫਾਇਰ ਕਰਮੀਆਂ ਨੇ ਲੰਬੀਆਂ ਪਾਈਪਾਂ ਰਾਹੀਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਚਾਏ ਗਏ ਤਿੰਨ ਵਿਅਕਤੀਆਂ ਵਿੱਚੋਂ ਇੱਕ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜੋ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
ਪੁਲਿਸ ਦੀ ਕਾਰਵਾਈ ਥਾਣਾ ਬੀ-ਡਵੀਜ਼ਨ ਦੇ ਐਸ.ਐਚ.ਓ. ਬਲਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Get all latest content delivered to your email a few times a month.