ਤਾਜਾ ਖਬਰਾਂ
ਪੰਜਾਬ ਵਿੱਚ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਕੇਂਦਰੀ ਰਿਜ਼ਰਵ ਬੈਂਕ (RBI) ਨੇ ਰਾਹਤ ਦੇ ਬੂਹੇ ਖੋਲ੍ਹ ਦਿੱਤੇ ਹਨ। ਸੂਬੇ ਦੇ 1,695 ਪ੍ਰਭਾਵਿਤ ਪਿੰਡਾਂ ਦੇ ਕਿਸਾਨ ਹੁਣ ਪਿਛਲਾ ਫ਼ਸਲੀ ਕਰਜ਼ਾ ਅਦਾ ਕੀਤੇ ਬਿਨਾਂ ਵੀ ਨਵਾਂ ਲੋਨ ਲੈ ਸਕਣਗੇ। ਇਸ ਫੈਸਲੇ ਨਾਲ ਖੇਤੀਬਾੜੀ ਦੇ ਸੰਕਟ ਵਿੱਚ ਫਸੇ ਲਗਭਗ 3 ਲੱਖ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਣ ਦੀ ਉਮੀਦ ਹੈ।
ਆਰ.ਬੀ.ਆਈ. ਵੱਲੋਂ ਬੈਂਕਾਂ ਨੂੰ ਸਖ਼ਤ ਹਦਾਇਤਾਂ ਭਾਰਤੀ ਰਿਜ਼ਰਵ ਬੈਂਕ ਨੇ ਖੇਤਰੀ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੁਦਰਤੀ ਆਫ਼ਤ ਕਾਰਨ ਆਰਥਿਕ ਤੰਗੀ ਝੱਲ ਰਹੇ ਕਿਸਾਨਾਂ ਨੂੰ ਉਨ੍ਹਾਂ ਦੀ ਗਿਰਵੀ ਰੱਖੀ ਜ਼ਮੀਨ 'ਤੇ ਨਵੀਂ ਫ਼ਸਲ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਨਿਯਮਾਂ ਅਨੁਸਾਰ, ਜਿਨ੍ਹਾਂ ਕਿਸਾਨਾਂ ਨੇ 28 ਅਗਸਤ 2025 (ਆਫ਼ਤ ਦੀ ਮਿਤੀ) ਤੋਂ ਪਹਿਲਾਂ ਕੋਈ ਡਿਫਾਲਟ ਨਹੀਂ ਕੀਤਾ ਸੀ, ਉਹ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ, ਸਾਉਣੀ ਦੇ ਸੀਜ਼ਨ ਦੌਰਾਨ ਲਏ ਗਏ ਟਰਮ ਲੋਨ (Term Loan) 'ਤੇ ਵੀ ਮੋਰੇਟੋਰੀਅਮ (ਕਿਸ਼ਤਾਂ ਦੀ ਮੁਲਤਵੀ) ਦੀ ਸਹੂਲਤ ਦਿੱਤੀ ਗਈ ਹੈ।
ਨੁਕਸਾਨ ਦੇ ਆਧਾਰ 'ਤੇ ਮਿਲੇਗਾ ਸਮਾਂ ਸਟੇਟ ਲੈਵਲ ਬੈਂਕਰਸ ਕਮੇਟੀ (SLBC) ਦੇ ਡੀ.ਜੀ.ਐਮ. ਆਰ.ਕੇ. ਮੀਨਾ ਨੇ ਦੱਸਿਆ ਕਿ ਕਰਜ਼ੇ ਦੀ ਵਾਪਸੀ ਲਈ ਕਿਸਾਨਾਂ ਨੂੰ ਵੱਡੀ ਛੋਟ ਦਿੱਤੀ ਗਈ ਹੈ:
33% ਤੋਂ 50% ਨੁਕਸਾਨ: ਕਰਜ਼ਾ ਮੋੜਨ ਦੀ ਸਮਾਂ ਸੀਮਾ 2 ਸਾਲ ਵਧਾਈ ਜਾਵੇਗੀ।
50% ਤੋਂ ਵੱਧ ਨੁਕਸਾਨ: ਕਿਸਾਨਾਂ ਨੂੰ ਕਰਜ਼ਾ ਮੋੜਨ ਲਈ 5 ਸਾਲ ਦਾ ਵਾਧੂ ਸਮਾਂ ਮਿਲੇਗਾ।
ਟਾਸਕ ਫੋਰਸ ਦਾ ਗਠਨ ਅਤੇ ਪ੍ਰਭਾਵਿਤ ਇਲਾਕੇ ਪੰਜਾਬ ਵਿੱਚ ਇਸ ਸਮੇਂ 64,572 ਕਰੋੜ ਰੁਪਏ ਦੇ ਫ਼ਸਲੀ ਕਰਜ਼ਾ ਖਾਤੇ ਹਨ। ਪਿਛਲੇ ਸਾਲ ਹੋਈ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ 4.27 ਲੱਖ ਏਕੜ ਫ਼ਸਲ ਤਬਾਹ ਹੋ ਗਈ ਸੀ। ਇਸ ਨਵੀਂ ਲੋਨ ਪ੍ਰਕਿਰਿਆ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਹੈ, ਜਿਸ ਦੀ ਪਹਿਲੀ ਅਹਿਮ ਬੈਠਕ ਬੁੱਧਵਾਰ ਨੂੰ ਹੋਣ ਜਾ ਰਹੀ ਹੈ।
Get all latest content delivered to your email a few times a month.