ਤਾਜਾ ਖਬਰਾਂ
ਤਲਵੰਡੀ ਸਾਬੋ: ਸਿੱਖ ਧਰਮ ਦੇ ਚੌਥੇ ਸਰਵਉੱਚ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁਰਾਤਨ ਸਿੱਖ ਮਰਯਾਦਾ ਅਨੁਸਾਰ ਬਸੰਤ ਰਾਗ ਦੀ ਸ਼ੁਰੂਆਤ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ। ਮਾਘੀ ਦੇ ਪਵਿੱਤਰ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਰਾਤ ਸਮੇਂ ਅਰਦਾਸ ਉਪਰੰਤ ਕੀਰਤਨੀਆਂ ਵੱਲੋਂ ਬਸੰਤ ਰਾਗ ਦਾ ਗਾਇਨ ਕਰਕੇ ਇਸ ਸੁਹਾਵਣੇ ਮੌਸਮ ਅਤੇ ਅਧਿਆਤਮਿਕ ਰੰਗ ਦੀ ਆਰੰਭਤਾ ਕੀਤੀ ਗਈ।
ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਕੀਤੀ ਮਰਯਾਦਾ ਦੀ ਪਾਲਣਾ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਇਹ ਮਰਯਾਦਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰੰਭ ਕੀਤੀ ਗਈ ਸੀ। ਉਸੇ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਤਖ਼ਤ ਸਾਹਿਬ ਵਿਖੇ ਅੱਜ ਰਾਗੀ ਜਥਿਆਂ ਵੱਲੋਂ ਬਸੰਤ ਰਾਗ ਦਾ ਗਾਇਨ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਹ ਰਾਗ ਹੁਣ ਲਗਾਤਾਰ ਹੋਲੇ ਮਹੱਲੇ ਤੱਕ ਪੜ੍ਹਿਆ ਜਾਵੇਗਾ ਅਤੇ ਹੋਲੇ ਮਹੱਲੇ ਵਾਲੇ ਦਿਨ ਹੀ ਇਸ ਦੀ ਸਮਾਪਤੀ ਹੋਵੇਗੀ।
ਮਨਾਂ ਦੇ ਖੇੜੇ ਲਈ ਕੀਤੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਕੀਤੇ ਜਾਣ ਉਪਰੰਤ ਹਜ਼ੂਰੀ ਰਾਗੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਜਥੇਦਾਰ ਬਾਬਾ ਟੇਕ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਬਸੰਤ ਰੁੱਤ ਵਿੱਚ ਕੁਦਰਤ ਖਿੜਦੀ ਹੈ, ਉਸੇ ਤਰ੍ਹਾਂ ਗੁਰੂ ਸਾਹਿਬ ਮਿਹਰ ਕਰਨ ਕਿ ਗੁਰਬਾਣੀ ਦੇ ਪ੍ਰਕਾਸ਼ ਨਾਲ ਸਮੂਹ ਲੋਕਾਈ ਦੇ ਹਿਰਦੇ ਖਿੜ ਜਾਣ ਅਤੇ ਸਭ ਦੇ ਮਨਾਂ ਵਿੱਚ ਨਾਮ-ਬਾਣੀ ਦਾ ਵਾਸਾ ਹੋਵੇ।
ਇਸ ਅਧਿਆਤਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਬਸੰਤ ਰਾਗ ਦੇ ਇਲਾਹੀ ਕੀਰਤਨ ਦਾ ਆਨੰਦ ਮਾਣਿਆ।
Get all latest content delivered to your email a few times a month.