ਤਾਜਾ ਖਬਰਾਂ
ਸਿਵਲ ਹਸਪਤਾਲ ਗੋਨਿਆਣਾ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸਮਾਜਿਕ ਜਾਗਰੂਕਤਾ ਨਾਲ ਮਨਾਇਆ ਗਿਆ। ਸਿਵਲ ਸਰਜਨ ਬਠਿੰਡਾ ਡਾ. ਤਪਿੰਦਰ ਜੋਤ ਦੀਆਂ ਹਦਾਇਤਾਂ ਅਨੁਸਾਰ ਐਸ.ਐਮ.ਓ. ਡਾ. ਧੀਰਾ ਗੁਪਤਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ 32 ਨਵਜੰਮੀਆਂ ਬੱਚੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਬਲਾਕ ਦੇ ਪਿੰਡ ਸਿਵੀਆਂ ਦੇ ਸ਼ਹੀਦ ਗੋਬਿੰਦ ਸਿੰਘ ਕਲੱਬ ਅਤੇ ਸਾਬਕਾ ਸਰਪੰਚ ਦੀ ਧਰਮ ਪਤਨੀ ਬਲਜੀਤ ਕੌਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਦਾ ਮਕਸਦ ਧੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਦਾ ਸੁਨੇਹਾ ਦੇਣਾ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਧੀਰਾ ਗੁਪਤਾ ਨੇ ਕਿਹਾ ਕਿ ਅੱਜ ਧੀਆਂ ਨੇ ਪੁਲਾੜ ਤੋਂ ਲੈ ਕੇ ਹਰ ਖੇਤਰ ਵਿੱਚ ਆਪਣੀ ਕਾਬਲਿਯਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਯੁੱਗ ਵਿੱਚ ਲੜਕੀਆਂ ਦੀਆਂ ਪ੍ਰਾਪਤੀਆਂ ਕਈ ਖੇਤਰਾਂ ਵਿੱਚ ਲੜਕਿਆਂ ਨਾਲੋਂ ਵੀ ਵੱਧ ਹਨ, ਇਸ ਲਈ ਧੀਆਂ ਦੇ ਜਨਮ ’ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਕਰਨਾ ਗਲਤ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਧੀਆਂ ਦੀ ਜਨਮ ਦਰ ਵਿੱਚ ਹੋ ਰਿਹਾ ਵਾਧਾ ਇੱਕ ਸਵਾਗਤਯੋਗ ਕਦਮ ਹੈ। ਸਾਰੀਆਂ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਹਨ ਅਤੇ ਪਰਿਵਾਰ ਨਾਲ ਨਾਲ ਸਮਾਜ ਨੂੰ ਵੀ ਅੱਗੇ ਵਧਾਉਂਦੀਆਂ ਹਨ।
ਇਸ ਦੌਰਾਨ ਸ਼੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਧੀਆਂ ਸਮਾਜ ਦਾ ਅਟੁੱਟ ਅਤੇ ਮਹੱਤਵਪੂਰਨ ਹਿੱਸਾ ਹਨ, ਜਿਨ੍ਹਾਂ ਦੇ ਬਿਨਾਂ ਇੱਕ ਸੰਪੂਰਨ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਅਨੁਸਾਰ ਧੀਆਂ ਦੀ ਲੋਹੜੀ ਮਨਾਉਣ ਦੀ ਰਿਵਾਇਤ ਸਮਾਜ ਵਿੱਚ ਧਨਾਤਮਕ ਸੋਚ ਅਤੇ ਬਦਲਾਅ ਦਾ ਪ੍ਰਤੀਕ ਹੈ।
ਸਮਾਗਮ ਵਿੱਚ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ, ਸਿਹਤ ਵਿਭਾਗ ਦੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਆਰ.ਐਮ.ਓ. ਡਾ. ਪੂਜਾ ਗੁਪਤਾ, ਸੀ.ਐਚ.ਓ. ਪ੍ਰਭਜੋਤ ਕੌਰ, ਮਪਹਵ ਜੁਝਾਰ ਸਿੰਘ, ਕੁਲਵਿੰਦਰ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਰਹੇ।
Get all latest content delivered to your email a few times a month.