ਤਾਜਾ ਖਬਰਾਂ
ਪੰਜਾਬ ਵਿੱਚ ਯੋਜਨਾਬੱਧ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਮਜ਼ਬੂਤੀ ਦੇਣ ਲਈ ਪੰਜਾਬ ਖੇਤਰੀ ਅਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ (ਪੀ.ਆਰ.ਟੀ.ਪੀ.ਡੀ.) ਬੋਰਡ ਦੀ ਇੱਕ ਅਹਿਮ ਉੱਚ-ਪੱਧਰੀ ਮੀਟਿੰਗ ਅੱਜ ਪੰਜਾਬ ਭਵਨ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਧ੍ਯਕਸ਼ਤਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕੀਤੀ, ਜੋ ਕਿ ਪੀ.ਆਰ.ਟੀ.ਪੀ.ਡੀ. ਬੋਰਡ ਦੇ ਵਾਈਸ ਚੇਅਰਮੈਨ ਵੀ ਹਨ।
ਮੀਟਿੰਗ ਦੌਰਾਨ ਸਥਾਨਕ ਸਰਕਾਰਾਂ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਵਿਭਾਗ ਦੇ ਮੰਤਰੀ ਇੰਚਾਰਜ ਸ੍ਰੀ ਸੰਜੀਵ ਅਰੋੜਾ ਨੇ ਨਿੱਜੀ ਤੌਰ ’ਤੇ ਹਾਜ਼ਰੀ ਭਰੀ, ਜਦਕਿ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਹਰਭਜਨ ਸਿੰਘ ਸਮੇਤ ਕਈ ਹੋਰ ਸੀਨੀਅਰ ਅਧਿਕਾਰੀਆਂ ਨੇ ਆਨਲਾਈਨ ਰਾਹੀਂ ਭਾਗ ਲਿਆ। ਬੋਰਡ ਵੱਲੋਂ ਸੂਬੇ ਵਿੱਚ ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਬੁਨਿਆਦੀ ਢਾਂਚੇ ਦੇ ਸੁਚਾਰੂ ਵਿਕਾਸ ਸੰਬੰਧੀ ਮੁੱਖ ਏਜੰਡਿਆਂ ’ਤੇ ਵਿਚਾਰ ਕੀਤਾ ਗਿਆ।
ਇਸ ਮੀਟਿੰਗ ਵਿੱਚ ਬੋਰਡ ਨੇ ਡੇਰਾ ਬਾਬਾ ਨਾਨਕ, ਨੰਗਲ, ਬਰਨਾਲਾ ਅਤੇ ਨਾਭਾ ਲਈ ਤਿਆਰ ਕੀਤੇ ਨਵੇਂ ਮਾਸਟਰ ਪਲਾਨਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਇਹ ਮਾਸਟਰ ਪਲਾਨ ਸਬੰਧਤ ਖੇਤਰਾਂ ਵਿੱਚ ਸੁਚੱਜੇ ਢੰਗ ਨਾਲ ਸ਼ਹਿਰੀ ਫੈਲਾਅ, ਰਿਹਾਇਸ਼ੀ ਕਾਲੋਨੀਆਂ, ਉਦਯੋਗਿਕ ਖੇਤਰਾਂ ਅਤੇ ਵਪਾਰਕ ਹੱਬਾਂ ਦੀ ਸਥਾਪਨਾ ਲਈ ਮਾਰਗਦਰਸ਼ਕ ਸਾਬਤ ਹੋਣਗੇ। ਇਸ ਨਾਲ ਨਿਵੇਸ਼ ਨੂੰ ਉਤਸ਼ਾਹ ਮਿਲੇਗਾ, ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ ਅਤੇ ਆਮ ਨਾਗਰਿਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ, ਬੋਰਡ ਨੇ ਯੂਨੀਫਾਈਡ ਜ਼ੋਨਿੰਗ ਰੈਗੂਲੇਸ਼ਨਸ ਵਿੱਚ ਜ਼ਰੂਰੀ ਸੋਧਾਂ ਨੂੰ ਵੀ ਹਰੀ ਝੰਡੀ ਦਿੱਤੀ। ਖ਼ਾਸ ਕਰਕੇ ਨਿਰਧਾਰਤ ਸੜਕਾਂ ਦੇ ਨਾਲ ਨੋ-ਕੰਸਟ੍ਰਕਸ਼ਨ ਜ਼ੋਨ, ਸੜਕਾਂ ਦੇ ਯੋਜਨਾਬੱਧ ਵਿਸਥਾਰ, ਸੁਰੱਖਿਆ ਮਿਆਰਾਂ ਅਤੇ ਵਾਤਾਵਰਣ-ਮਿੱਤਰ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਵਾਲੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਮਿਲੀ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਗਰਗ, ਪੇਂਡੂ ਵਿਕਾਸ ਅਤੇ ਪੰਚਾਇਤ ਸਕੱਤਰ ਸ੍ਰੀ ਅਜੀਤ ਬਾਲਾ ਜੀ ਜੋਸ਼ੀ, ਸਥਾਨਕ ਸਰਕਾਰਾਂ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ, ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਸਕੱਤਰ ਸ੍ਰੀਮਤੀ ਸੋਨਾਲੀ ਗਿਰਿ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਬੋਰਡ ਦੇ ਇਹ ਫ਼ੈਸਲੇ ਪੰਜਾਬ ਨੂੰ ਇੱਕ ਯੋਜਨਾਬੱਧ, ਸੁਰੱਖਿਅਤ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਸ਼ਹਿਰੀ ਰਾਜ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੇ ਜਾ ਰਹੇ ਹਨ।
Get all latest content delivered to your email a few times a month.