ਤਾਜਾ ਖਬਰਾਂ
ਰੂਸ ਨੇ ਯੂਕਰੇਨ ਖ਼ਿਲਾਫ਼ ਆਪਣੀ ਹਮਲਾਵਰ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਇਕ ਵਾਰ ਫਿਰ ਵੱਡੇ ਪੈਮਾਨੇ ‘ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਪਿਛਲੇ ਚਾਰ ਦਿਨਾਂ ਵਿੱਚ ਇਹ ਯੂਕਰੇਨ ‘ਤੇ ਕੀਤਾ ਗਿਆ ਚੌਥਾ ਵੱਡਾ ਹਵਾਈ ਹਮਲਾ ਹੈ, ਜਿਸਦਾ ਮੁੱਖ ਨਿਸ਼ਾਨਾ ਦੇਸ਼ ਦੀ ਊਰਜਾ ਅਤੇ ਪਾਵਰ ਗਰਿੱਡ ਬਣੀ। ਅਧਿਕਾਰੀਆਂ ਦੇ ਅਨੁਸਾਰ, ਇਨ੍ਹਾਂ ਹਮਲਿਆਂ ਨਾਲ ਨਾ ਸਿਰਫ਼ ਬਿਜਲੀ ਸਪਲਾਈ ਠੱਪ ਹੋਈ ਹੈ, ਸਗੋਂ ਅਮਰੀਕਾ ਵੱਲੋਂ ਜੰਗ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੂਟਨੀਤਿਕ ਕੋਸ਼ਿਸ਼ਾਂ ਨੂੰ ਵੀ ਝਟਕਾ ਲੱਗਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਰੂਸ ਨੇ ਇੱਕ ਹੀ ਰਾਤ ਵਿੱਚ ਲਗਭਗ 300 ਡਰੋਨ, 18 ਬੈਲਿਸਟਿਕ ਮਿਜ਼ਾਈਲਾਂ ਅਤੇ ਸੱਤ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਕੇ ਹਮਲੇ ਕੀਤੇ। ਇਹ ਹਮਲੇ ਦੇਸ਼ ਦੇ ਅੱਠ ਵੱਖ-ਵੱਖ ਖੇਤਰਾਂ ‘ਚ ਕੀਤੇ ਗਏ। ਉੱਤਰ-ਪੂਰਬੀ ਸ਼ਹਿਰ ਖਾਰਕਿਵ ਵਿੱਚ ਇੱਕ ਡਾਕ ਡਿਪੂ ‘ਤੇ ਹਮਲੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ।
ਕੀਵ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੈਂਕੜੇ ਘਰਾਂ ਦੀ ਬਿਜਲੀ ਕੱਟ ਗਈ ਹੈ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਯੂਕਰੇਨ ਭਿਆਨਕ ਸਰਦੀਆਂ ਦੀ ਲਹਿਰ ਨਾਲ ਜੂਝ ਰਿਹਾ ਹੈ। ਰਾਜਧਾਨੀ ਕੀਵ ਵਿੱਚ ਤਾਪਮਾਨ ਮਨਫੀ 12 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਸੜਕਾਂ ਬਰਫ਼ ਨਾਲ ਢੱਕੀਆਂ ਹੋਈਆਂ ਹਨ ਅਤੇ ਲੋਕ ਜਨਰੇਟਰਾਂ ਦੇ ਸਹਾਰੇ ਜੀਵਨ ਚਲਾ ਰਹੇ ਹਨ।
ਸਥਾਨਕ ਪ੍ਰਸ਼ਾਸਨ ਮੁਤਾਬਕ, ਖਾਰਕਿਵ ਖੇਤਰ ਵਿੱਚ ਰੂਸੀ ਹਮਲਿਆਂ ਕਾਰਨ ਘੱਟੋ-ਘੱਟ 10 ਲੋਕ ਜ਼ਖ਼ਮੀ ਹੋਏ ਹਨ, ਜਦਕਿ ਦੱਖਣੀ ਸ਼ਹਿਰ ਓਡੇਸਾ ਵਿੱਚ ਛੇ ਨਾਗਰਿਕਾਂ ਨੂੰ ਚੋਟਾਂ ਆਈਆਂ ਹਨ। ਓਡੇਸਾ ਦੇ ਖੇਤਰੀ ਫੌਜੀ ਪ੍ਰਸ਼ਾਸਨ ਮੁਖੀ ਓਲੇਹ ਕਿਪਰ ਨੇ ਕਿਹਾ ਕਿ ਹਮਲਿਆਂ ਨਾਲ ਊਰਜਾ ਗਰਿੱਡ ਦੇ ਨਾਲ-ਨਾਲ ਇੱਕ ਹਸਪਤਾਲ, ਕਿੰਡਰਗਾਰਟਨ, ਵਿਦਿਅਕ ਸੰਸਥਾ ਅਤੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਜਾਣਬੁੱਝ ਕੇ ਕੜਾਕੇ ਦੀ ਠੰਢ ਦੌਰਾਨ ਪਾਵਰ ਗਰਿੱਡ ‘ਤੇ ਹਮਲੇ ਕਰਕੇ ਆਮ ਨਾਗਰਿਕਾਂ ਦੀਆਂ ਮੁਸ਼ਕਲਾਂ ਵਧਾ ਰਿਹਾ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ‘ਚ ਆ ਰਹੇ ਵਿਘਨ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਯੂਕਰੇਨ ਨੇ ਇਸ ਰਣਨੀਤੀ ਨੂੰ “ਠੰਢ ਨੂੰ ਹਥਿਆਰ ਬਣਾਉਣ” ਦੀ ਕੋਸ਼ਿਸ਼ ਕਰਾਰ ਦਿੱਤਾ ਹੈ, ਜਿਸਦਾ ਮਕਸਦ ਜੰਗ ਵਿੱਚ ਦਬਾਅ ਬਣਾਉਣਾ ਅਤੇ ਮਨੋਵਿਗਿਆਨਕ ਤੌਰ ‘ਤੇ ਲੋਕਾਂ ਨੂੰ ਕਮਜ਼ੋਰ ਕਰਨਾ ਹੈ।
Get all latest content delivered to your email a few times a month.