ਤਾਜਾ ਖਬਰਾਂ
ਰੋਪੜ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਈਆਈਟੀ ਰੋਪੜ ਦੇ ਜਿੰਮ ਵਿੱਚ ਕਸਰਤ ਕਰਦੇ ਸਮੇਂ ਇੱਕ ਨੌਜਵਾਨ ਵਿਦਿਆਰਥੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਆਦਿੱਤਿਆ ਸਾਗਰ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਸੰਜੇ ਵਿਹਾਰ ਇਲਾਕੇ ਦਾ ਰਹਿਣ ਵਾਲਾ ਸੀ। ਆਦਿੱਤਿਆ ਦੀ ਉਮਰ ਸਿਰਫ਼ 21 ਸਾਲ ਸੀ ਅਤੇ ਉਹ ਆਈਆਈਟੀ ਰੋਪੜ ਵਿੱਚ ਬੀ.ਟੈਕ ਸਿਵਲ ਇੰਜੀਨੀਅਰਿੰਗ ਦੇ ਤੀਜੇ ਸਾਲ ਦਾ ਵਿਦਿਆਰਥੀ ਸੀ।
ਜਾਣਕਾਰੀ ਮੁਤਾਬਕ, ਆਦਿੱਤਿਆ ਟ੍ਰੇਨਿੰਗ ਦੇ ਪਹਿਲੇ ਹੀ ਦਿਨ ਜਿੰਮ ਵਿੱਚ ਕਸਰਤ ਕਰ ਰਿਹਾ ਸੀ ਕਿ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ। ਕਸਰਤ ਦੌਰਾਨ ਉਸਦੇ ਕੰਨਾਂ ਵਿੱਚੋਂ ਖੂਨ ਵਹਿਣ ਲੱਗ ਪਿਆ ਅਤੇ ਕੁਝ ਪਲਾਂ ਵਿੱਚ ਹੀ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਗਾਰਡਾਂ ਨੇ ਤੁਰੰਤ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਉਸਨੂੰ ਐਂਬੂਲੈਂਸ ਰਾਹੀਂ ਆਈਆਈਟੀ ਦੇ ਮੈਡੀਕਲ ਸੈਂਟਰ ਪਹੁੰਚਾਇਆ।
ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੋਪੜ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਆਦਿੱਤਿਆ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮੌਤ ਦਾ ਮੁੱਖ ਕਾਰਨ ਬ੍ਰੇਨ ਹੈਮਰੇਜ ਹੋ ਸਕਦਾ ਹੈ, ਹਾਲਾਂਕਿ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਇਸ ਘਟਨਾ ਤੋਂ ਬਾਅਦ ਆਈਆਈਟੀ ਰੋਪੜ ਪ੍ਰਬੰਧਨ ਨੇ ਹੋਣਹਾਰ ਵਿਦਿਆਰਥੀ ਦੀ ਅਚਾਨਕ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਪਰਿਵਾਰ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਂਪਸ ਅਤੇ ਵਿਦਿਆਰਥੀਆਂ ਵਿੱਚ ਇਸ ਹਾਦਸੇ ਕਾਰਨ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
Get all latest content delivered to your email a few times a month.