ਤਾਜਾ ਖਬਰਾਂ
ਲੁਧਿਆਣਾ ਦੇ ਸਲੇਮਟਾਬਰੀ ਥਾਣਾ ਖੇਤਰ ਵਿੱਚ ਵਾਪਰੇ ਸਨਸਨੀਖੇਜ਼ 'ਡਰੰਮ ਕਤਲ ਕਾਂਡ' ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਦੇ ਟੁਕੜੇ ਕਰਨ ਵਾਲੇ ਮੁਲਜ਼ਮ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵਾਰਦਾਤ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਇੱਕ ਨੌਜਵਾਨ ਦੀ ਲਾਸ਼ ਦੇ ਟੁਕੜੇ ਇੱਕ ਸਫ਼ੈਦ ਡਰੰਮ ਵਿੱਚੋਂ ਬਰਾਮਦ ਕੀਤੇ ਗਏ ਸਨ।
ਲਾਸ਼ ਦੇ 7 ਟੁਕੜੇ ਕਰਕੇ ਡਰੰਮ 'ਚ ਸੁੱਟੀ
ਮੁਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਤਰੀਕਾ ਬੇਹੱਦ ਭਿਆਨਕ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ (ਸ਼ੇਰਾ) ਨੇ ਆਪਣੇ ਦੋਸਤ ਦਵਿੰਦਰ ਸਿੰਘ ਨੂੰ ਪਾਰਟੀ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ। ਕਤਲ ਕਰਨ ਤੋਂ ਬਾਅਦ, ਮੁਲਜ਼ਮ ਅਤੇ ਉਸਦੀ ਪਤਨੀ ਨੇ ਮ੍ਰਿਤਕ ਦੀ ਲਾਸ਼ ਦੇ ਬੇਰਹਿਮੀ ਨਾਲ 7 ਟੁਕੜੇ ਕਰ ਦਿੱਤੇ।
ਇਸ ਘਿਨਾਉਣੇ ਕਾਰੇ ਤੋਂ ਬਾਅਦ, ਦੋਵਾਂ ਨੇ ਲਾਸ਼ ਦੇ ਟੁਕੜਿਆਂ ਨੂੰ ਇੱਕ ਸਫ਼ੈਦ ਡਰੰਮ ਵਿੱਚ ਭਰਿਆ ਅਤੇ ਰਾਤ ਸਮੇਂ ਸੈਕਰਡ ਹਾਰਟ ਸਕੂਲ ਨੇੜੇ ਇੱਕ ਖਾਲੀ ਪਲਾਟ ਵਿੱਚ ਸੁੱਟ ਕੇ ਫਰਾਰ ਹੋ ਗਏ।
CCTV ਫੁਟੇਜ ਤੋਂ ਮਿਲੀ ਅਹਿਮ ਜਾਣਕਾਰੀ
ਮ੍ਰਿਤਕ ਦਵਿੰਦਰ ਸਿੰਘ ਹਾਲ ਹੀ ਵਿੱਚ ਮੁੰਬਈ ਤੋਂ ਲੁਧਿਆਣਾ ਪਰਤਿਆ ਸੀ, ਜਿੱਥੇ ਉਹ ਕੱਪੜਿਆਂ ਦੀ ਕਟਿੰਗ ਦਾ ਕੰਮ ਕਰਦਾ ਸੀ। ਲੁਧਿਆਣਾ ਪਹੁੰਚਣ ਤੋਂ ਬਾਅਦ ਦੋਸਤ ਨੇ ਉਸ ਨੂੰ ਘਰ ਬੁਲਾਇਆ। ਸ਼ੁਰੂ ਵਿੱਚ, ਦਵਿੰਦਰ ਦੇ ਪਰਿਵਾਰ ਨੇ ਸੋਚਿਆ ਕਿ ਉਹ ਕਿਤੇ ਬਾਹਰ ਗਿਆ ਹੋਵੇਗਾ, ਪਰ ਦੇਰ ਰਾਤ ਤੱਕ ਵਾਪਸ ਨਾ ਆਉਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਭਾਲ ਸ਼ੁਰੂ ਕੀਤੀ।
ਪੁਲਿਸ ਜਾਂਚ ਦੌਰਾਨ CCTV ਫੁਟੇਜ ਨੇ ਅਹਿਮ ਸੁਰਾਗ ਦਿੱਤੇ। ਫੁਟੇਜ ਵਿੱਚ ਦਵਿੰਦਰ ਦੁਪਹਿਰ 2 ਵਜੇ ਦੇ ਕਰੀਬ ਦੋਸਤ ਦੇ ਘਰ ਜਾਂਦਾ ਦਿਖਾਈ ਦਿੱਤਾ। ਇਸ ਤੋਂ ਬਾਅਦ, ਰਾਤ ਲਗਭਗ 12 ਵਜੇ, ਕੈਮਰਿਆਂ ਵਿੱਚ ਮੁਲਜ਼ਮ ਸ਼ੇਰਾ ਅਤੇ ਉਸਦੀ ਪਤਨੀ ਨੂੰ ਮੋਟਰਸਾਈਕਲ 'ਤੇ ਸਫ਼ੈਦ ਡਰੰਮ ਲਿਜਾਂਦੇ ਹੋਏ ਕੈਦ ਕੀਤਾ ਗਿਆ।
ਪੁਲਿਸ ਨੇ ਇਨ੍ਹਾਂ ਸਬੂਤਾਂ ਦੇ ਆਧਾਰ 'ਤੇ ਮੁਲਜ਼ਮ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਤੋਂ ਕਤਲ ਦੇ ਕਾਰਨਾਂ ਅਤੇ ਪੂਰੀ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Get all latest content delivered to your email a few times a month.