ਤਾਜਾ ਖਬਰਾਂ
ਮਨਰੇਗਾ ਸਕੀਮ ਨੂੰ ਬੰਦ ਕਰਨ ਅਤੇ ਇਸ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬਾ ਪੱਧਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ। ਇਸ ਸੰਘਰਸ਼ ਦੀ ਸ਼ੁਰੂਆਤ ਮਾਝਾ ਖੇਤਰ ਤੋਂ ਕੀਤੀ ਗਈ, ਜਿਸ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਮੁੱਖ ਕੇਂਦਰ ਰਹੇ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਅਭਿਆਨ ਕਾਂਗਰਸ ਵੱਲੋਂ ਪਹਿਲਾਂ ਕੀਤੀਆਂ ਗਈਆਂ ਪ੍ਰੈੱਸ ਕਾਨਫਰੰਸਾਂ ਤੋਂ ਬਾਅਦ ਅਗਲਾ ਵੱਡਾ ਕਦਮ ਹੈ।
ਭੁਪੇਸ਼ ਬਘੇਲ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਇਆ ਇਹ ਅਭਿਆਨ ਲਗਭਗ 15 ਦਿਨਾਂ ਤੱਕ ਚੱਲੇਗਾ, ਜਿਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਭਾਵਾਂ ਕੀਤੀਆਂ ਜਾਣਗੀਆਂ ਅਤੇ ਮਜ਼ਦੂਰਾਂ ਤੇ ਮਜ਼ਦੂਰ ਮਹਿਲਾਵਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਨਰੇਗਾ ਗਰੀਬਾਂ ਅਤੇ ਮਜ਼ਦੂਰ ਵਰਗ ਦੀ ਲਾਈਫਲਾਈਨ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸਨੂੰ ਲਗਭਗ ਖਤਮ ਕਰਨ ਦਾ ਮਨ ਬਣਾ ਲਿਆ ਹੈ।
ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਮਨਰੇਗਾ ਯੋਜਨਾ ਕਾਂਗਰਸ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਸੀ, ਤਾਂ ਜੋ ਗਰੀਬ ਪਰਿਵਾਰਾਂ ਨੂੰ ਘਰ ਬੈਠੇ ਰੁਜ਼ਗਾਰ ਦੀ ਗਰੰਟੀ ਮਿਲ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਫੰਡਾਂ ਵਿੱਚ ਕਟੌਤੀ ਕਰਕੇ ਅਤੇ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਨਾ ਪਾ ਕੇ ਇਸ ਯੋਜਨਾ ਨੂੰ ਠੱਪ ਕਰ ਦਿੱਤਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ 90 ਫੀਸਦੀ ਅਤੇ ਰਾਜ ਸਰਕਾਰ 10 ਫੀਸਦੀ ਹਿੱਸਾ ਪਾਉਂਦੀ ਸੀ, ਪਰ ਹੁਣ ਨਵੀਂ ਪ੍ਰਣਾਲੀ ਅਧੀਨ ਰਾਜ ਸਰਕਾਰ ’ਤੇ 40 ਫੀਸਦੀ ਬੋਝ ਪਾ ਦਿੱਤਾ ਗਿਆ ਹੈ, ਜੋ ਪੰਜਾਬ ਦੀ ਮਾਲੀ ਹਾਲਤ ਦੇ ਮੱਦੇਨਜ਼ਰ ਅਸੰਭਵ ਹੈ। ਉਨ੍ਹਾਂ ਬਾਇਓਮੈਟਰਿਕ ਹਾਜ਼ਰੀ ਅਤੇ ਐਪ ਸਿਸਟਮ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਬਜ਼ੁਰਗ ਮਜ਼ਦੂਰਾਂ ਲਈ ਅੰਗੂਠਾ ਲਗਾਉਣਾ ਵੀ ਮੁਸ਼ਕਿਲ ਹੋ ਗਿਆ ਹੈ।
ਇਸ ਮੌਕੇ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕੀਤੀ ਗਈ ਹੈ ਅਤੇ ਇਹ ਸੰਘਰਸ਼ 12 ਤਰੀਕ ਤੱਕ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਹ ਲੜਾਈ ਸਿਰਫ਼ ਸੜਕਾਂ ਤੱਕ ਸੀਮਿਤ ਨਹੀਂ ਰੱਖੇਗੀ, ਬਲਕਿ ਸੰਸਦ ਤੋਂ ਲੈ ਕੇ ਪਿੰਡਾਂ, ਸ਼ਹਿਰਾਂ ਅਤੇ ਗਲੀਆਂ ਤੱਕ ਲੈ ਕੇ ਜਾਵੇਗੀ।
Get all latest content delivered to your email a few times a month.